
Hyderabad Industrialist Murder: ਜਾਇਦਾਦ ਨੂੰ ਲੈ ਕੇ ਹੋਇਆ ਸੀ ਝਗੜਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
Hyderabad Industrialist Murder: ਹੈਦਰਾਬਾਦ ਵਿਚ ਇਕ ਉਦਯੋਗਪਤੀ ਵੇਲਜਨ ਗਰੁੱਪ ਆਫ਼ ਇੰਡਸਟਰੀਜ਼ ਦੇ ਸੰਸਥਾਪਕ ਵੇਲਮਤੀ ਚੰਦਰਸ਼ੇਖਰ ਜਨਾਰਧਨ ਰਾਓ (86) ਦਾ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਉਨ੍ਹਾਂ ਦੇ ਘਰ ’ਚ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰਨ ਤੋਂ ਤਿੰਨ ਦਿਨ ਬਾਅਦ ਸਥਾਨਕ ਪੁਲਿਸ ਨੇ ਐਤਵਾਰ ਨੂੰ ਉਨ੍ਹਾਂ ਦੇ ਪੋਤੇ ਕਿਲਾਰੂ ਕੀਰਤੀ ਤੇਜਾ ਨੂੰ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ। ਪੋਸਟਮਾਰਟਮ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ, ਪਰ ਪੁਲਿਸ ਨੇ ਕਿਹਾ ਕਿ ਹੈਦਰਾਬਾਦ ਉਦਯੋਗਪਤੀ ਦੇ ਸਰੀਰ ’ਤੇ ਸੱਟਾਂ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ ਨੇ ਉਸ ਨੂੰ 70 ਤੋਂ ਵੱਧ ਵਾਰ ਚਾਕੂ ਮਾਰਿਆ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ ਕਤਲ ਵਿਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਤੇਜਾ ਨੇ ਕਥਿਤ ਤੌਰ ’ਤੇ ਅਪਣੀ ਮਾਂ ਨੂੰ ਵੀ ਚਾਕੂ ਮਾਰਿਆ ਸੀ ਅਤੇ ਉਹ ਇਸ ਸਮੇਂ ਹਸਪਤਾਲ ਵਿਚ ਹੈ।
ਪੰਜਗੁਟਾ ਦੇ ਇੰਸਪੈਕਟਰ ਬੀ ਸ਼ੋਭਨ ਨੇ ਕਿਹਾ, ‘‘ਵੀਰਵਾਰ ਰਾਤ (6 ਫ਼ਰਵਰੀ) ਨੂੰ, 29 ਸਾਲਾ ਤੇਜਾ ਦਾ ਅਪਣੇ ਦਾਦਾ ਰਾਓ ਨਾਲ ਝਗੜਾ ਹੋ ਗਿਆ ਅਤੇ ਉਸ ’ਤੇ ਪਰਵਾਰ ਦੇ ਮੈਂਬਰਾਂ ਵਿਚ ਅਪਣੀ ਜਾਇਦਾਦ ਨਾ ਵੰਡਣ ਦਾ ਦੋਸ਼ ਲਗਾਇਆ। ਗੁੱਸੇ ਵਿਚ ਆ ਕੇ ਤੇਜਾ ਨੇ ਅਪਣੇ ਦਾਦਾ ’ਤੇ ਹਮਲਾ ਕੀਤਾ ਅਤੇ ਕਈ ਵਾਰ ਚਾਕੂ ਮਾਰਿਆ।’’ ਉਨ੍ਹਾਂ ਅੱਗੇ ਦਸਿਆ ਕਿ, ‘‘ਰਾਓ ਨੂੰ ਮਾਰਨ ਤੋਂ ਬਾਅਦ, ਤੇਜਾ ਨੇ ਅਪਣੇ ਖ਼ੂਨ ਨਾਲ ਰੰਗੇ ਕਪੜੇ ਬਦਲੇ ਅਤੇ ਸੋਮਾਜੀਗੁਡਾ ਵਿਚ ਅਪਣੇ ਦਾਦਾ ਦੇ ਘਰ ਤੋਂ ਭੱਜ ਗਿਆ।’’ ਪੁਲਿਸ ਨੇ ਪੁਸ਼ਟੀ ਕੀਤੀ ਕਿ ਪੀੜਤ ਦੇ ਸਰੀਰ ’ਤੇ ਚਾਕੂ ਦੇ ਕਈ ਜ਼ਖ਼ਮ ਸਨ, ਪਰ ਕਿਹਾ ਕਿ ਪੀਐਮਈ ਦੀ ਰਿਪੋਰਟ ਤੋਂ ਬਾਅਦ ਹੀ ਸਹੀ ਗਿਣਤੀ ਦਾ ਪਤਾ ਲਗਾਇਆ ਜਾ ਸਕੇਗਾ। ਪੁਲਿਸ ਨੇ ਕਿਹਾ ਕਿ ਉਸ ਨੂੰ ਪੀੜਤ ਦੇ ਘਰ ਤੋਂ ਬਹੁਤ ਦੂਰ, ਪੰਜਾਬਗੁਟਾ ਫ਼ਲਾਈਓਵਰ ਨੇੜੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਮਰੀਕਾ ਤੋਂ ਮਾਸਟਰ ਡਿਗਰੀ ਕਰ ਕੇ ਪਰਤਿਆ ਸੀ ਕਾਤਲ
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਤੇਜਾ ਹਾਲ ਹੀ ਵਿਚ ਅਮਰੀਕਾ ਤੋਂ ਅਪਣੀ ਮਾਸਟਰ ਡਿਗਰੀ ਪੂਰੀ ਕਰ ਕੇ ਹੈਦਰਾਬਾਦ ਪਰਤਿਆ ਸੀ। ਉਹ ਹੈਦਰਾਬਾਦ ਦੇ ਪਛਮੀ ਗਲਿਆਰੇ ਵਿਚ ਇਕ ਗੇਟਡ ਕਮਿਊਨਿਟੀ ਲੈਂਕੋ ਹਿਲਜ਼ ਵਿਚ ਰਹਿ ਰਿਹਾ ਸੀ। ਤੇਜਾ ਨੇ ਕਥਿਤ ਤੌਰ ’ਤੇ ਰਾਓ ਦੇ ਵਿਰੁਧ ਨਰਾਜ਼ਗੀ ਜਤਾਈ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਨਾਲ ਵਿਤਕਰਾ ਕੀਤਾ ਗਿਆ ਅਤੇ ਪਰਵਾਰ ਦੇ ਹੋਰ ਮੈਂਬਰਾਂ ਨਾਲ ਬਰਾਬਰ ਦਾ ਵਿਵਹਾਰ ਨਹੀਂ ਕੀਤਾ ਜਾਂਦਾ ਸੀ।