
ਹੁਣ ਤੱਕ 43.57 ਕਰੋੜ ਸ਼ਰਧਾਲੂ ਲਗਾ ਚੁੱਕੇ ਸੰਗਮ ਵਿਚ ਡੁੱਬਕੀ
ਸੰਗਮ ਸ਼ਹਿਰ ਪ੍ਰਯਾਗਰਾਜ 'ਚ ਚੱਲ ਰਹੇ ਮਹਾਕੁੰਭ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ। ਇਸ ਕਾਰਨ ਸੰਗਮ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ’ਤੇ 10 ਤੋਂ 15 ਕਿਲੋਮੀਟਰ ਤੱਕ ਜਾਮ ਲੱਗਿਆ ਹੋਇਆ ਹੈ। ਵਾਰਾਣਸੀ, ਲਖਨਊ, ਕਾਨਪੁਰ, ਰੀਵਾ ਨੂੰ ਜਾਣ ਵਾਲੀਆਂ ਸੜਕਾਂ 'ਤੇ ਵਾਹਨ ਚੱਲ ਰਹੇ ਹਨ। ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਪ੍ਰਯਾਗਰਾਜ ਸੰਗਮ ਰੇਲਵੇ ਸਟੇਸ਼ਨ ਨੂੰ 14 ਫ਼ਰਵਰੀ ਤੱਕ ਬੰਦ ਕਰ ਦਿੱਤਾ ਗਿਆ ਹੈ।
ਰੇਲਵੇ ਅਧਿਕਾਰੀਆਂ ਮੁਤਾਬਕ ਸਟੇਸ਼ਨ 'ਤੇ ਜ਼ਿਆਦਾ ਭੀੜ ਅਤੇ ਹਫੜਾ-ਦਫੜੀ ਤੋਂ ਬਚਣ ਲਈ ਇਹ ਕਦਮ ਚੁੱਕਿਆ ਗਿਆ ਹੈ। ਮਹਾਕੁੰਭ ਵਿੱਚ ਹੁਣ ਤੱਕ 43.57 ਕਰੋੜ ਤੋਂ ਵੱਧ ਸ਼ਰਧਾਲੂ ਗੰਗਾ ਵਿੱਚ ਇਸ਼ਨਾਨ ਕਰ ਚੁੱਕੇ ਹਨ। ਪ੍ਰਯਾਗਰਾਜ ਜੰਕਸ਼ਨ 'ਤੇ ਭੀੜ ਨੂੰ ਕੰਟਰੋਲ ਕਰਨ ਲਈ ਐਮਰਜੈਂਸੀ ਭੀੜ ਪ੍ਰਬੰਧਨ ਯੋਜਨਾ ਲਾਗੂ ਕੀਤੀ ਗਈ ਹੈ। ਉੱਤਰੀ ਰੇਲਵੇ ਲਖਨਊ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਕੁਲਦੀਪ ਤਿਵਾਰੀ ਨੇ ਦੱਸਿਆ ਕਿ ਪ੍ਰਯਾਗਰਾਜ ਸੰਗਮ ਸਟੇਸ਼ਨ 14 ਫ਼ਰਵਰੀ ਤੱਕ ਬੰਦ ਰਹੇਗਾ।
ਲਖਨਊ ਪਰਤ ਰਹੇ ਸ਼ਰਧਾਲੂ ਆਕਾਸ਼ ਦਿਵੇਦੀ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਮਲਕਾ ਪਿੰਡ ਦੇ ਟ੍ਰੈਫ਼ਿਕ ਜਾਮ 'ਚ 3 ਘੰਟੇ ਤੱਕ ਫਸੀ ਰਹੀ। ਮਹਾਕੁੰਭ 2025 ਦੌਰਾਨ ਸ਼ਰਧਾਲੂਆਂ ਦੀ ਭੀੜ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਰੇਲਵੇ ਸਟੇਸ਼ਨਾਂ 'ਤੇ ਵੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਪ੍ਰਯਾਗਰਾਜ ਜਾਣ ਵਾਲੀਆਂ ਸਪੈਸ਼ਲ ਟਰੇਨਾਂ 'ਚ ਯਾਤਰੀਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਕਈ ਅਜੀਬੋ-ਗਰੀਬ ਘਟਨਾਵਾਂ ਸਾਹਮਣੇ ਆ ਰਹੀਆਂ ਹਨ।