
ਔਰਤ ਦਿਵਸ ’ਤੇ ਚਰਿੱਤਰ ਜਾਂਚ ਸਬੰਧੀ ਹਦਾਇਤ ’ਤੇ ਹਸਤਾਖਰ
ਪਰਥ: (ਪਿਆਰਾ ਸਿੰਘ ਨਾਭਾ) : ਆਸਟ੍ਰੇਲੀਆ ‘ਚ ਜਿਹੜੇ ਵਿਦੇਸੀ ਘਰੇਲੂ ਹਿੰਸਾ ਤੇ ਜਬਰੀ ਵਿਆਹ ਵਿਚ ਸ਼ਾਮਲ ਹੋਣਗੇ, ਉਨ੍ਹਾਂ ਲਈ ਮੁਲਕ ਵਿਚ ਕੋਈ ਥਾਂ ਨਹੀਂ। ਨਵੇਂ ਇਮੀਗ੍ਰੇਸ਼ਨ ਮੰਤਰੀ ਅਲੈਕਸ ਹੱਕ ਨੇ ਵੀਜ਼ੇ ਲਈ ਚਰਿੱਤਰ ਜਾਂਚ ਸਬੰਧੀ ਹਦਾਇਤ ’ਤੇ ਸੋਮਵਾਰ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਹਸਤਾਖਰ ਕੀਤੇ। ਉਨ੍ਹਾਂ ਨੇ ਨਵੇਂ ਨਿਯਮਾਂ ਵਿਚ ਕਿਹਾ ਕਿ ਜਦੋਂ ਵੀਜ਼ੇ ਦੇ ਜਾਰੀ ਕਰਨ ਬਾਰੇ ਮੁਲਾਂਕਣ ਦੀ ਗੱਲ ਆਵੇਗੀ ਤਾਂ ਪ੍ਰਵਾਰਕ ਹਿੰਸਾ ’ਤੇ ਮੁੱਖ ਰੂਪ ਵਿਚ ਸੋਚ-ਵਿਚਾਰ ਕੀਤੀ ਜਾਵੇਗੀ।
Domestic Violenceਜਬਰੀ ਵਿਆਹ ਤੇ ਕਮਜ਼ੋਰ ਲੋਕਾਂ ਵਿਰੁਧ ਜੁਰਮਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਜਾਵੇਗਾ। ਜਿਹੜੇ ਵਿਦੇਸ਼ੀਆਂ ਨੇ ਘਰੇਲੂ ਹਿੰਸਾ ਕੀਤੀ ਅਤੇ ਵਿਆਹ ਲਈ ਮਜਬੂਰ ਕੀਤਾ, ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ। ਭਾਵੇਂ ਉਨ੍ਹਾਂ ਨੂੰ ਦੋਸ਼ੀ ਨਾ ਵੀ ਠਹਿਰਾਇਆ ਗਿਆ ਹੋਵੇ, ਕਿਉਂਕਿ ਸਰਕਾਰ ਗੰਭੀਰ ਜੁਰਮਾਂ ਨੂੰ ਰੋਕਣਾ ਚਾਹੁੰਦੀ ਹੈ। ਤਿੱਖੀ ਗੱਲਬਾਤ ਕਰਨ ਵਾਲੇ ਨਵੇਂ ਇਮੀਗ੍ਰੇਸ਼ਨ ਮੰਤਰੀ ਅਲੈਕਸ ਹੱਕ ਨੇ ਇਕ ਹਦਾਇਤ ’ਤੇ ਦਸਤਖ਼ਤ ਕਰ ਦਿਤੇ, ਜਿਸ ਰਾਹੀਂ ਅਧਿਕਾਰੀਆਂ ਨੂੰ ਹੁਕਮ ਦਿਤਾ ਗਿਆ ਕਿ ਉਹ ਵਿਜ਼ਿਆਂ ਦੇ ਮੁਲਾਂਕਣ ਸਮੇਂ ਅਪਰਾਧਾਂ ਨੂੰ ਗੰਭੀਰਤਾ ਨਾਲ ਲੈਣ।
Domestic Violenceਉਨ੍ਹਾਂ ਅਪਣੇ ਨਵੇਂ ਨਿਯਮਾਂ ਦਾ ਐਲਾਨ ਵੈਸਟਰਨ ਸਿਡਨੀ ਵਿਖੇ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਇਕ ਭਾਸ਼ਣ ਵਿਚ ਕੀਤਾ। ਉਨ੍ਹਾਂ ਕਿਹਾ ਕਿ ਆਸਟਰੇਲੀਅਨ ਭਾਈਚਾਰੇ ਦਾ ਮੈਂਬਰ ਹੋਣਾ ਸਨਮਾਨ ਦੀ ਗੱਲ ਹੈ ਪਰ ਇਸ ਦੇ ਨਾਲ ਸਾਡੇ ਕਾਨੂੰਨਾਂ ਦਾ ਸਤਿਕਾਰ ਤੇ ਪਾਲਣਾ ਕਰਨ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਆਸਟਰੇਲੀਆ ਦੇ ਮਾਈਗ੍ਰੇਸ਼ਨ ਕਾਨੂੰਨ ਤਹਿਤ ਜੇਕਰ ਵਿਦੇਸ਼ੀ ਚਰਿੱਤਰ ਜਾਂਚ ਪਾਸ ਕਰ ਨਹੀਂ ਪਾਉਂਦੇ ਤਾਂ ਉਨ੍ਹਾਂ ਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।