
ਕਿਹਾ- ਲੋਕਾਂ ਨੇ ਸਪੱਸ਼ਟ ਕੀਤਾ ਕਿ ਕੇਜਰੀਵਾਲ ‘ਅਤਿਵਾਦੀ’ ਨਹੀਂ ਸਗੋਂ ਦੇਸ਼ ਦਾ ਸੱਚਾ ਪੁੱਤਰ ਅਤੇ ਦੇਸ਼ ਭਗਤ ਹੈ
ਨਵੀਂ ਦਿੱਲੀ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਿਲੀ ਵੱਡੀ ਜਿੱਤ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਆਈ ਕ੍ਰਾਂਤੀ ਹੁਣ ਪੂਰੇ ਦੇਸ਼ ਵਿਚ ਪਹੁੰਚੇਗੀ। ਉਹਨਾਂ ਇਹ ਵੀ ਕਿਹਾ ਕਿ ਇਸ ਫਤਵੇ ਨਾਲ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੇਜਰੀਵਾਲ ‘ਅਤਿਵਾਦੀ’ ਨਹੀਂ ਸਗੋਂ ਦੇਸ਼ ਦਾ ਸੱਚਾ ਪੁੱਤਰ ਅਤੇ ਦੇਸ਼ ਭਗਤ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ 'ਆਪ' ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੂੰ ਵਧਾਈ ਦਿੰਦਿਆਂ ਉਹਨਾਂ ਨੂੰ ਆਪਣਾ 'ਛੋਟਾ ਭਰਾ' ਦੱਸਿਆ।
ਪਾਰਟੀ ਹੈੱਡਕੁਆਰਟਰ ਵਿਖੇ ‘ਆਪ’ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ, ‘ਪੰਜਾਬ ਦੇ ਲੋਕਾਂ ਨੇ ਕਮਾਲ ਕਰ ਦਿੱਤਾ ਹੈ। ਪੰਜਾਬ ਦੇ ਨਤੀਜੇ ਇਕ ਵੱਡੀ ਕ੍ਰਾਂਤੀ ਵਾਲੇ ਹਨ। ਵੱਡੀਆਂ ਕੁਰਸੀਆਂ ਹਿੱਲ ਗਈਆਂ। ਸੁਖਬੀਰ ਸਿੰਘ ਬਾਦਲ ਹਾਰ ਗਏ, ਕੈਪਟਨ ਸਾਬ੍ਹ ਹਾਰ ਗਏ, ਚੰਨੀ ਸਾਬ੍ਹ, ਪ੍ਰਕਾਸ਼ ਸਿੰਘ ਬਾਦਲ, ਸਿੱਧੂ ਅਤੇ ਮਜੀਠੀਆ ਹਾਰ ਗਏ’। ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ, ''ਅਫਸੋਸ ਦੀ ਗੱਲ ਹੈ ਕਿ 75 ਸਾਲਾਂ ਤੱਕ ਇਹਨਾਂ ਨੇਤਾਵਾਂ ਅਤੇ ਪਾਰਟੀਆਂ ਨੇ ਬ੍ਰਿਟਿਸ਼ ਸਿਸਟਮ ਨੂੰ ਕਾਇਮ ਰੱਖਿਆ। ਲੋਕਾਂ ਦੀ ਗਰੀਬੀ ਦੂਰ ਨਹੀਂ ਕੀਤੀ। ਅਸੀਂ ਸਿਸਟਮ ਬਦਲਿਆ ਹੈ। ਅਸੀਂ ਇਮਾਨਦਾਰ ਰਾਜਨੀਤੀ ਸ਼ੁਰੂ ਕੀਤੀ ਹੈ। ਅਸੀਂ ਲੋਕਾਂ ਦੇ ਕੰਮ ਸ਼ੁਰੂ ਕਰ ਦਿੱਤੇ ਹਨ। ਬਾਬਾ ਸਾਹਿਬ ਅੰਬੇਡਕਰ ਅਤੇ ਭਗਤ ਸਿੰਘ ਦਾ ਸੁਪਨਾ ਸਾਕਾਰ ਹੋਣਾ ਸ਼ੁਰੂ ਹੋ ਗਿਆ ਹੈ”।
Arvind Kejriwal and Bhagwant Mann
ਉਹਨਾਂ ਦਾਅਵਾ ਕੀਤਾ, “ਇਹ ਸਾਰੇ ਲੋਕ (ਵਿਰੋਧੀ ਨੇਤਾ) ਮੇਰੇ ਵਿਰੁੱਧ ਅਤੇ ਆਮ ਆਦਮੀ ਪਾਰਟੀ ਖਿਲਾਫ਼ ਇਕੱਠੇ ਹੋਏ ਸਨ। ਸਾਰਿਆਂ ਦਾ ਇਕੋ ਮਨੋਰਥ ਸੀ ਕਿ ਆਮ ਆਦਮੀ ਪਾਰਟੀ ਨਹੀਂ ਹੋਣੀ ਚਾਹੀਦੀ। ਵੱਡੀਆਂ ਸਾਜ਼ਿਸ਼ਾਂ ਰਚੀਆਂ ਗਈਆਂ। ਸਾਰਿਆਂ ਨੇ ਮਿਲ ਕੇ ਕਿਹਾ ਕਿ ਕੇਜਰੀਵਾਲ ਅਤਿਵਾਦੀ ਹੈ। ਅੱਜ ਇਹਨਾਂ ਨਤੀਜਿਆਂ ਰਾਹੀਂ ਜਨਤਾ ਨੇ ਕਿਹਾ ਕਿ ਕੇਜਰੀਵਾਲ ਅਤਿਵਾਦੀ ਨਹੀਂ, ਸਗੋਂ ਦੇਸ਼ ਦਾ ਸੱਚਾ ਪੁੱਤਰ ਅਤੇ ਦੇਸ਼ ਭਗਤ ਹੈ”। ਉਹਨਾਂ ਕਿਹਾ, ''ਸਾਨੂੰ ਇਹ ਪ੍ਰਣ ਲੈਣਾ ਹੋਵੇਗਾ ਕਿ ਅਸੀਂ ਨਵਾਂ ਭਾਰਤ ਬਣਾਵਾਂਗੇ ਜਿੱਥੇ ਨਫ਼ਰਤ ਲਈ ਕੋਈ ਥਾਂ ਨਹੀਂ ਹੋਵੇਗੀ, ਜਿੱਥੇ ਕੋਈ ਭੁੱਖਾ ਨਹੀਂ ਸੌਂਵੇਗਾ, ਗਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਮਿਲੇਗੀ। ਕਈ ਬੱਚਿਆਂ ਨੂੰ ਡਾਕਟਰੀ ਸਿੱਖਿਆ ਲੈਣ ਲਈ ਯੂਕਰੇਨ ਜਾਣਾ ਪੈਂਦਾ ਹੈ। ਅਸੀਂ ਅਜਿਹਾ ਭਾਰਤ ਬਣਾਵਾਂਗੇ ਕਿ ਇੱਥੋਂ ਦੇ ਬੱਚਿਆਂ ਨੂੰ ਯੂਕਰੇਨ ਨਹੀਂ ਜਾਣਾ ਪਵੇਗਾ, ਸਗੋਂ ਬਾਹਰੋਂ ਲੋਕ ਪੜ੍ਹਾਈ ਲਈ ਭਾਰਤ ਆਉਣਗੇ”।
Arvind Kejriwal and Bhagwant Mann
ਅਰਵਿੰਦ ਕੇਜਰੀਵਾਲ ਨੇ ਕਿਹਾ, "ਪਹਿਲੀ ਕ੍ਰਾਂਤੀ ਦਿੱਲੀ ਵਿਚ ਹੋਈ, ਹੁਣ ਕ੍ਰਾਂਤੀ ਪੰਜਾਬ ਵਿਚ ਹੋਈ ਹੈ ਅਤੇ ਇਹ ਕ੍ਰਾਂਤੀ ਪੂਰੇ ਦੇਸ਼ ਵਿਚ ਪਹੁੰਚੇਗੀ।" ਇਸ ਮੌਕੇ ਉਹਨਾਂ ਨੇ ਸਮੂਹ ਔਰਤਾਂ, ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ।
'ਆਪ' ਆਗੂ ਨੇ ਕਿਹਾ, ''ਭਦੌੜ ਤੋਂ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲਾ ਲਾਭ ਸਿੰਘ ਮੋਬਾਈਲ ਫੋਨ ਰਿਪੇਅਰ ਦੀ ਦੁਕਾਨ 'ਤੇ ਕੰਮ ਕਰਦਾ ਹੈ। ਇਕ ਆਮ ਵਰਕਰ ਜੀਵਨਜੋਤ ਕੌਰ ਨੇ ਸਿੱਧੂ ਅਤੇ ਮਜੀਠੀਆ ਦੋਵਾਂ ਨੂੰ ਹਰਾਇਆ...ਅਸੀਂ 75 ਸਾਲ ਬਰਬਾਦ ਕੀਤੇ ਤੇ ਹੁਣ ਹੋਰ ਸਮਾਂ ਖ਼ਰਾਬ ਨਹੀਂ ਕਰਨਾ”।
ਕੇਜਰੀਵਾਲ ਨੇ ਕਿਹਾ, ''ਲੋਕਾਂ ਨੇ ਵੱਡੀਆਂ ਉਮੀਦਾਂ ਜਤਾਈਆਂ ਹਨ, ਅਸੀਂ ਉਹਨਾਂ ਨੂੰ ਟੁੱਟਣ ਨਹੀਂ ਦੇਣਾ। ਮੈਂ ਵਰਕਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਗਾਲ੍ਹਾਂ ਦਾ ਜਵਾਬ ਗਾਲ੍ਹਾਂ ਨਾਲ ਨਹੀਂ ਦੇਣਾ ਚਾਹੀਦਾ। ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣਾ ਹੈ। ਅਸੀਂ ਪਿਆਰ ਦੀ ਰਾਜਨੀਤੀ ਕਰਨੀ ਹੈ, ਸੇਵਾ ਦੀ ਰਾਜਨੀਤੀ ਕਰਨੀ ਹੈ। ਆਉਣ ਵਾਲਾ ਸਮਾਂ ਭਾਰਤ ਦਾ ਸਮਾਂ ਹੈ। ਇਸ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਨ ਤੋਂ ਕੋਈ ਨਹੀਂ ਰੋਕ ਸਕਦਾ”।