
ਪ੍ਰਧਾਨ ਮੰਤਰੀ ਦਫ਼ਤਰ ਨੇ ਕੀਤੀ ਮਾਰੂ ਬੀਮਾਰੀ ਰੋਕਣ ਦੇ ਯਤਨਾਂ ਦੀ ਸਮੀਖਿਆ
ਨਵੀਂ ਦਿੱਲੀ, 10 ਅਪ੍ਰੈਲ: ਪ੍ਰਧਾਨ ਮੰਤਰੀ ਦਫ਼ਤਰ ਨੇ ਸ਼ੁਕਰਵਾਰ ਨੂੰ ਕੋਰੋਨਾ ਵਾਇਰਸ ਲਾਗ ਨੂੰ ਫੈਲਣ ਤੋਂ ਰੋਕਣ ਦੇ ਯਤਨਾਂ ਦੀ ਸਮੀਖਿਆ ਕੀਤੀ।
ਅਧਿਕਾਰੀਆਂ ਨੇ ਦਸਿਆ ਕਿ ਵਿਅਕਤੀਗਤ ਸੁਰੱਖਿਆ ਉਪਕਰਨ ਦੇ ਉਤਪਾਦਨ ਨੂੰ ਵਧਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵਿਚ ਮੁੱਖ ਸਕੰਤਰ ਪੀ ਕੇ ਮਿਸ਼ਰਾ ਨੇ ਕੋਵਿਡ-19 ਕਾਰਨ ਪੈਦਾ ਹੋਈਆਂ ਚੁਨੌਤੀਆਂ ਨਾਲ ਨਜਿੱਠਣ ਲਈ ਕਾਇਮ ਅਧਿਕਾਰੀਆਂ ਦੀ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਵਿਚ ਲਾਗ ਦੀ ਜਾਂਚ ਦੇ ਦਿਸ਼ਾਨਿਰਦੇਸ਼ਾਂ ਅਤੇ ਕਵਾਇਦ ਦੇ ਵੇਰਵੇ ਦੀ ਸਮੀਖਿਆ ਕੀਤੀ ਗਈ ਅਤੇ ਤਸੱਲੀ ਪ੍ਰਗਟ ਕੀਤੀ ਗਈ।
ਇਨ੍ਹਾਂ ਦਿਸ਼ਾਨਿਰਦੇਸ਼ਾਂ ਤਹਿਤ ਹੁਣ ਤਕ 145916 ਨਮੂਨਿਆਂ ਦੀ ਦੇਸ਼ ਭਰ ਵਿਚ ਜਾਂਚ ਕੀਤੀ ਗਈ ਹੈ। ਪ੍ਰੈਸ ਬਿਆਨ ਮੁਤਾਬਕ ਪੀਪੀਈ ਦੇ ਉਤਪਾਦਨ ਨੂੰ ਵਧਾਇਆ ਜਾ ਰਿਹਾ ਹੈ ਅਤੇ ਸਿਹਤ ਸੇਵਾ ਮੁਲਾਜ਼ਮਾਂ ਦੀ ਸਮਰੱਥਾ ਦੇ ਵਾਧੇ ਨੂੰ ਯਕੀਨੀ ਕੀਤਾ ਜਾ ਰਿਹਾ ਹੈ। ਮਿਸ਼ਰਾ ਨੇ ਸੁਝਾਅ ਦਿਤਾ ਕਿ ਜ਼ਿਲ੍ਹਾ ਪੱਧਰ 'ਤੇ ਗ਼ੈਰ ਸਰਕਾਰੀ ਸੰਸਥਾਵਾਂ ਨਾਲ ਤਾਲਮੇਲ ਕੀਤਾ ਜਾਵੇ ਤਾਕਿ ਸਾਧਨਾਂ ਦੀ ਬਿਹਤਰ ਢੰਗ ਨਾਲ ਵਰਤੋਂ ਕੀਤੀ ਜਾ ਸਕੀ। ਬੈਠਕ ਵਿਚ ਪ੍ਰਧਾਨ ਮੰਤਰੀ ਗ਼ਰੀਬ ਭਲਾਈ ਯੋਜਨਾ ਤਹਿਤ ਆਰਥਕ ਰਾਹਤ ਪੈਕੇਜ ਜ਼ਰੀਏ ਭਲਾਈ ਦੇ ਫ਼ੈਸਲਿਆਂ ਦੀ ਵੀ ਸਮੀਖਿਆ ਕੀਤੀ ਗਈ।
(ਏਜੰਸੀ)