
ਨਸ਼ਾ ਵੇਚਣ ਵਾਲਿਆਂ ਵਿਰੁਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਸਾਂਬਾ ਪੁਲਿਸ ਨੇ ਪਿਛਲੇ ਤਿੰਨ ਦਿਨਾਂ ਵਿਚ ਚਾਰ ਟਰੱਕ ਡਰਾਈਵਰਾਂ ਨੂੰ ਹੈਰੋਇਨ ਅਤੇ ਭੁੱਕੀ
ਜੰਮੂ, 9 ਮਈ (ਸਰਬਜੀਤ ਸਿੰਘ): ਨਸ਼ਾ ਵੇਚਣ ਵਾਲਿਆਂ ਵਿਰੁਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਸਾਂਬਾ ਪੁਲਿਸ ਨੇ ਪਿਛਲੇ ਤਿੰਨ ਦਿਨਾਂ ਵਿਚ ਚਾਰ ਟਰੱਕ ਡਰਾਈਵਰਾਂ ਨੂੰ ਹੈਰੋਇਨ ਅਤੇ ਭੁੱਕੀ ਸਮੇਤ ਕਾਬੂ ਕੀਤਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਇਹ ਸਾਰੇ ਟਰੱਕ ਪੰਜਾਬ ਤੋਂ ਜ਼ਰੂਰੀ ਸਮਾਨ ਦੀ ਖੇਪ ਲੈ ਕੇ ਰਾਜ ਵਿਚ ਦਾਖ਼ਲ ਹੋਏ ਸਨ। ਤਾਲਾਬੰਦੀ ਦੌਰਾਨ ਨਸ਼ਾ ਵਪਾਰੀ ਜੰਮੂ-ਕਸ਼ਮੀਰ ਵਿਚ ਪੰਜਾਬ ਰਾਹੀਂ ਨਸ਼ਿਆਂ ਦੀ ਤਸਕਰੀ ਵਿਚ ਸਰਗਰਮ ਹੋ ਗਏ। ਪਿਛਲੇ ਤਿੰਨ ਦਿਨਾਂ ਵਿਚ ਜੰਮੂ ਦੀ ਸਾਂਬਾ ਪੁਲਿਸ ਦੇ ਚਾਰ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੁਆਰਾ ਫੜੇ ਗਏ ਇਹ ਸਾਰੇ ਡਰਾਈਵਰ ਪੰਜਾਬ ਦੇ ਹਨ। ਤਾਜ਼ਾ ਕੇਸ ਦੇ ਅਨੁਸਾਰ ਜੰਮੂ ਦੀ ਸਾਂਬਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਲਗਭਗ 250 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਪੰਜਾਬ ਤੋਂ ਕਸ਼ਮੀਰ ਜਾ ਰਹੇ ਟਰੱਕ ਨੂੰ ਜੰਮੂ ਦੇ ਸਾਂਬਾ ਦੇ ਮਾਨਸਰ ਮੋੜ ਨੇੜੇ ਚੈਕਿੰਗ ਲਈ ਰੋਕਿਆ ਗਿਆ ਅਤੇ ਇਸ ਟਰੱਕ ਦੇ ਟੂਲ ਬਾਕਸ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਉਥੇ ਲੁਕੀ ਹੋਈ ਹੈਰੋਇਨ ਮਿਲੀ। ਨਸ਼ਿਆਂ ਦੀ ਇਹ ਖੇਪ ਮਿਲਣ ’ਤੇ ਪੁਲਿਸ ਨੇ ਮਰੇਲਕੋਟਲਾ ਸੰਗਰੂਰ ਨਿਵਾਸੀ ਨਸੀਰ ਅਤੇ ਸਲੀਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਂਬਾ ਦੇ ਐਸ.ਐਸ.ਪੀ. ਸ਼ਕਤੀ ਪਾਠਕ ਦੇ ਅਨੁਸਾਰ ਪਿਛਲੇ ਕੁੱਝ ਦਿਨਾਂ ਵਿਚ ਨਸ਼ਿਆਂ ਦੇ ਸੌਦਾਗਰਾਂ ਦੀ ਨਕੇਲ ਕਸੀ ਗਈ ਹੈ ਅਤੇ ਇਹ ਇਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦਸਿਆ ਕਿ ਤਾਲਾਬੰਦੀ ਦੌਰਾਨ ਟਰੱਕਾਂ ਨੂੰ ਸੂਬੇ ਵਿਚ ਸਿਰਫ਼ ਜ਼ਰੂਰੀ ਸਮਾਨ ਲੈ ਕੇ ਹੀ ਰਾਜ ਵਿਚ ਦਾਖ਼ਲ ਹੋਣ ਦੀ ਆਗਿਆ ਹੈ ਪਰ ਨਸ਼ਾ ਵੇਚਣ ਵਾਲੇ ਇਸ ਗੱਲ ਦਾ ਲਾਭ ਲੈਣ ਦੀ ਕੋਸ਼ਿਸ਼ਾਂ ਵਿਚ ਹਨ।
ਫੋਟੋ-9ਜੰਮੂ5