
- ਸੁਸਾਈਡ ਨੋਟ 'ਚ 14 ਲੋਕਾਂ 'ਤੇ ਪ੍ਰੇਸ਼ਾਨ ਕਰਨ ਦੇ ਲਗਾਏ ਇਲਜ਼ਾਮ
ਹਿਸਾਰ : ਹਿਸਾਰ ਦੇ ਪ੍ਰਸਿੱਧ ਨੇਤਰ ਰੋਗਾਂ ਦੇ ਮਾਹਰ ਡਾਕਟਰ ਅਸ਼ੋਕ ਗਰਗ (61) ਨੇ ਅਮਰਦੀਪ ਕਲੋਨੀ ਸਥਿਤ ਆਪਣੇ ਘਰ ਵਿਚ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਉਹ ਲੰਬੇ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਹੇ ਸਨ। ਪੁਲਿਸ ਨੂੰ ਲਾਸ਼ ਕੋਲੋਂ ਦੋ ਪੰਨਿਆਂ ਦਾ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ ਵਿਚ ਡਾ: ਗਰਗ ਨੇ 14 ਵਿਅਕਤੀਆਂ 'ਤੇ ਹੋਰ ਪੈਸਿਆਂ ਦੀ ਮੰਗ ਕਰ ਕੇ ਤੰਗ ਪ੍ਰੇਸ਼ਾਨ ਕਰਨ ਅਤੇ ਉਧਾਰ ਲਏ ਪੈਸੇ ਵਾਪਸ ਕਰਨ 'ਤੇ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ।
ਆਜ਼ਾਦ ਨਗਰ ਥਾਣਾ ਪੁਲਿਸ ਨੇ ਦੱਸਿਆ ਕਿ ਗਰਗ ਨੇ ਸੋਮਵਾਰ ਸ਼ਾਮ ਘਰ 'ਚ ਜ਼ਹਿਰ ਖਾ ਲਿਆ ਸੀ। ਮੰਗਲਵਾਰ ਸ਼ਾਮ 5 ਵਜੇ ਦੇ ਕਰੀਬ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਇਸ ਦੌਰਾਨ ਡਾਕਟਰ ਗਰਗ ਦੇ ਪਰਿਵਾਰਕ ਮੈਂਬਰ ਅਤੇ ਮੈਡੀਕਲ ਜਗਤ ਨਾਲ ਜੁੜੇ ਲੋਕ ਹਾਜ਼ਰ ਸਨ। ਡਾਕਟਰੀ ਜਗਤ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਡਾਕਟਰ ਗਰਗ ਦਾ ਚਲੇ ਜਾਣਾ ਮੈਡੀਕਲ ਜਗਤ ਨਾਲ ਜੁੜੇ ਲੋਕਾਂ ਲਈ ਵੱਡਾ ਘਾਟਾ ਹੈ।
ਡਾਕਟਰ ਗਰਗ ਨੇ ਆਪਣੇ ਸੁਸਾਈਡ ਨੋਟ 'ਚ 14 ਲੋਕਾਂ 'ਤੇ ਉਸ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੇ ਨਾਂ ਨੰਬਰਾਂ ਨਾਲ ਲਿਖੇ ਹੋਏ ਹਨ। ਲਿਖਿਆ ਹੈ ਕਿ ਇਨ੍ਹਾਂ ਲੋਕਾਂ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਹੈ। ਕੁਝ ਸਮਾਂ ਪਹਿਲਾਂ ਉਸ ਨੇ ਇਨ੍ਹਾਂ ਲੋਕਾਂ ਤੋਂ ਕੁਝ ਪੈਸੇ ਉਧਾਰ ਲਏ ਸਨ।
ਪਰ ਉਨ੍ਹਾਂ ਨੇ ਇਹ ਰਕਮ ਵਿਆਜ ਸਮੇਤ ਮੋੜ ਦਿੱਤੀ ਸੀ। ਫਿਰ ਵੀ ਇਹ ਲੋਕ ਉਸ ਨੂੰ ਰੋਜ਼ਾਨਾ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਅਤੇ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਹੇ ਸਨ। ਉਹ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਹ ਅਤੇ ਉਸ ਦਾ ਪੂਰਾ ਪਰਿਵਾਰ ਇਹਨਾਂ ਲੋਕਾਂ ਤੋਂ ਡਰਿਆ ਹੋਇਆ ਹੈ। ਇਨ੍ਹਾਂ ਲੋਕਾਂ ਨੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਅਤੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ।