
ਨਨਕਾਣਾ ਸਾਹਿਬ ਗੁਰਦੁਆਰੇ ’ਤੇ ਹਮਲਾ ਕਰਨ ਦੇ ਦਾਅਵਿਆਂ ਨੂੰ ਭਾਰਤ ਸਰਕਾਰ ਨੇ ਕੀਤਾ ਖਾਰਜ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਸਨਿਚਰਵਾਰ ਨੂੰ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿਤਾ ਕਿ ਭਾਰਤ ਨੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਡਰੋਨ ਹਮਲਾ ਕੀਤਾ ਸੀ। ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਦੀ ਫੈਕਟ ਚੈੱਕ ਯੂਨਿਟ ਨੇ ਕਿਹਾ ਕਿ ਅਜਿਹੀ ਸਮੱਗਰੀ ਭਾਰਤ ਵਿਚ ਫਿਰਕੂ ਨਫ਼ਰਤ ਪੈਦਾ ਕਰਨ ਲਈ ਫੈਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇਕ ਵੀਡੀਉ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਨੇ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਡਰੋਨ ਹਮਲਾ ਕੀਤਾ ਹੈ। ਇਹ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ। ਨਨਕਾਣਾ ਸਾਹਿਬ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ ਅਤੇ ਇਹ ਗੁਰਦੁਆਰਾ ਸਿੱਖਾਂ ਲਈ ਇਕ ਪੂਜਨੀਕ ਅਸਥਾਨ ਅਤੇ ਤੀਰਥ ਸਥਾਨ ਹੈ।
ਸਰਕਾਰ ਨੇ ਸੋਸ਼ਲ ਮੀਡੀਆ ਅਤੇ ਕੁੱਝ ਨਿਊਜ਼ ਪਲੇਟਫਾਰਮਾਂ ’ਤੇ ਚੱਲ ਰਹੀਆਂ ਰੀਪੋਰਟਾਂ ਨੂੰ ਵੀ ਖਾਰਜ ਕਰ ਦਿਤਾ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਊਧਮਪੁਰ ਹਵਾਈ ਅੱਡੇ ਨੂੰ ਤਬਾਹ ਕਰ ਦਿਤਾ ਹੈ।
ਇਹ ਸਪੱਸ਼ਟੀਕਰਨ ‘ਏ.ਆਈ.ਕੇ. ਨਿਊਜ਼’ ਨਾਂ ਦੇ ਇਕ ਮੰਚ ਵਲੋਂ ਪ੍ਰਸਾਰਿਤ ਇਕ ਵੀਡੀਉ ਤੋਂ ਬਾਅਦ ਆਇਆ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਨੇ ਰਣਨੀਤਕ ਹਵਾਈ ਅੱਡੇ ਨੂੰ ਤਬਾਹ ਕਰ ਦਿਤਾ ਸੀ। ਪੀ.ਆਈ.ਬੀ. ਫੈਕਟ ਚੈੱਕ ਯੂਨਿਟ ਨੇ ਕਿਹਾ ਕਿ ਲਾਈਵ ਟੀਵੀ ’ਤੇ ‘ਏ.ਆਈ.ਕੇ. ਨਿਊਜ਼’ ਵਲੋਂ ਪ੍ਰਸਾਰਿਤ ਇਕ ਵੀਡੀਉ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਊਧਮਪੁਰ ਹਵਾਈ ਅੱਡੇ ਨੂੰ ਤਬਾਹ ਕਰ ਦਿਤਾ ਹੈ।