ਵਿਸ਼ਾਲ ਨੇ ਅਦਾਲਤ ਦੇ ਸਾਹਮਣੇ ਕਿਹਾ ਸੀ ਕਿ ਉਹ ਘਟਨਾ ਵਾਲੇ ਦਿਨ ਉੱਥੇ ਮੌਜੂਦ ਹੀ ਨਹੀਂ ਸੀ
ਪਠਾਨਕੋਟ : ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ 8 ਸਾਲਾ ਬੱਚੀ ਨਾਲ ਹੋਏ ਬਲਾਤਕਾਰ ਤੇ ਹੱਤਿਆ ਦੇ ਮਾਮਲੇ ਵਿਚ ਅੱਜ ਪਠਾਨਕੋਟ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ 6 ਮੁਲਜ਼ਮਾਂ ਨੂੰ ਤਾਂ ਦੋਸ਼ੀ ਕਰਾਰ ਦਿੱਤਾ ਹੈ ਪਰ ਇਕ ਮੁਲਜ਼ਮ ਵਿਸ਼ਾਲ ਜੰਗੋਤਰਾ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਵਿਸ਼ਾਲ ਨੇ ਅਦਾਲਤ ਦੇ ਸਾਹਮਣੇ ਕਿਹਾ ਸੀ ਕਿ ਉਹ ਘਟਨਾ ਵਾਲੇ ਦਿਨ ਉੱਥੇ ਮੌਜੂਦ ਹੀ ਨਹੀਂ ਸੀ। ਆਪਣੀ ਗੱਲ ਨੂੰ ਸਾਬਤ ਕਰਨ ਲਈ ਵਿਸ਼ਾਲ ਨੇ ਅਦਾਲਤ 'ਚ ਸਬੂਤ ਅਤੇ ਗਵਾਹ ਪੇਸ਼ ਕੀਤੇ ਸਨ। ਉਸੇ ਦਾ ਫ਼ਾਇਦਾ ਉਸ ਨੂੰ ਮਿਲਿਆ ਹੈ।
ਹਾਲਾਂਕਿ ਜਦੋਂ ਇਸ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕੀਤੀ ਗਈ ਸੀ ਤਾਂ ਵਿਸ਼ਾਲ 'ਤੇ ਜਾਂਚਕਰਤਾਵਾਂ ਨੂੰ ਗੁਮਰਾਹ ਕਰਨ ਦਾ ਸ਼ੱਕ ਵੀ ਸੀ। ਜਾਂਚ ਟੀਮ ਨੂੰ ਪਤਾ ਲੱਗਿਆ ਸੀ ਕਿ ਮੇਰਠ 'ਚ ਪ੍ਰੀਖਿਆ ਅਟੈਂਡੈਂਸ ਰਜਿਸਟਰ 'ਚ ਵਿਸ਼ਾਲ ਦੇ ਜਾਅਲੀ ਹਸਤਾਖ਼ਰ ਸਨ। ਜੰਮੂ-ਕਸ਼ਮੀਰ ਪੁਲਿਸ ਦੀ ਕ੍ਰਾਈਮ ਬਰਾਂਚ ਮੁਤਾਬਕ ਪਹਿਲਾਂ ਫ਼ੋਰੈਂਸਿਕ ਰਿਪੋਰਟ 'ਚ ਪ੍ਰਗਟਾਵਾ ਹੋਇਆ ਸੀ ਕਿ ਮੁਲਾਜ਼ਮ ਨੇ ਮੇਰਠ 'ਚ ਜਿਸ ਪ੍ਰੀਖਿਆ 'ਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ, ਉੱਥੇ ਅਟੈਂਡੈਂਸ ਰਜਿਸਟਰ 'ਚ ਕੀਤੇ ਗਏ ਹਸਤਾਖ਼ਰ ਮੁਲਜ਼ਮ ਦੇ ਹਸਤਾਖ਼ਰਾਂ ਨਾਲ ਮੇਲ ਨਹੀਂ ਖਾ ਰਹੇ ਸਨ।
ਦਰਅਸਲ ਵਿਸ਼ਾਲ ਨੇ ਦਾਅਵਾ ਕੀਤਾ ਸੀ ਕਿ ਜਿਸ ਦਿਨ ਜੰਮੂ ਦੇ ਕਠੂਆ 'ਚ ਬੱਚੀ ਨਾਲ ਬਲਾਤਕਾਰ ਦੀ ਘਟਨਾ ਵਾਪਰੀ ਸੀ, ਉਸ ਦਿਨ ਉਹ ਮੇਰਠ 'ਚ ਪ੍ਰੀਖਿਆ ਦੇ ਰਿਹਾ ਸੀ। ਹਾਲਾਂਕਿ ਕ੍ਰਾਈਮ ਬਰਾਂਚ ਦਾ ਕਹਿਣਾ ਸੀ ਕਿ ਵਿਸ਼ਾਲ ਮੇਰਠ 'ਚ 15 ਜਨਵਰੀ ਨੂੰ ਪ੍ਰੀਖਿਆ ਦੇਣ ਨਹੀਂ ਗਿਆ ਸੀ। ਦੋਸ਼ ਪੱਤਰ ਮੁਤਾਬਕ ਘਟਨਾ ਵਾਲੇ ਦਿਨ ਉਹ ਕਠੂਆ ਦੇ ਰਾਸਨਾ ਪਿੰਡ 'ਚ ਮੌਜੂਦ ਸੀ।
ਜ਼ਿਕਰਯੋਗ ਹੈ ਕਿ 10 ਜਨਵਰੀ 2018 ਨੂੰ ਜੰਮੂ ਦੇ ਕਠੂਆ ਜ਼ਿਲ੍ਹੇ ਵਿਚ ਬੱਕਰਵਾਲ ਭਾਈਚਾਰੇ ਦੀ ਬੱਚੀ ਦੇ ਅਗਵਾਹ ਹੋਣ ਤੋਂ ਬਾਅਦ 17 ਜਨਵਰੀ ਨੂੰ ਝਾੜੀਆਂ 'ਚੋਂ ਉਸ ਦੀ ਲਾਸ਼ ਮਿਲੀ ਸੀ। ਦੋਸ਼ ਹੈ ਕਿ ਇਸ ਬੱਚੀ ਦਾ ਅਗਵਾਹ ਕਰ ਉਸਦੇ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਬਾਅਦ ਉਸਦੀ ਹੱਤਿਆ ਕੀਤੀ ਗਈ । ਇਸ ਮਾਮਲੇ ਵਚ ਮੁੱਖ ਆਰੋਪੀ ਸਾਂਜੀ ਰਾਮ ਸਮੇਤ ਅੱਠ ਲੋਕਾਂ ਨੂੰ ਦੋਸ਼ੀ ਪਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ 10 ਜਨਵਰੀ 2018 ਨੂੰ ਜੰਮੂ ਦੇ ਕਠੂਆ ਜ਼ਿਲ੍ਹੇ ਵਿਚ ਬੱਕਰਵਾਲ ਭਾਈਚਾਰੇ ਦੀ ਬੱਚੀ ਨਾਲ ਮੰਦਰ ਵਿਚ ਕਥਿਤ ਤੌਰ 'ਤੇ ਬੰਧਕ ਬਣਾ ਕੇ ਬਲਾਤਕਾਰ ਕੀਤਾ ਗਿਆ ਸੀ। ਉਸ ਨੂੰ ਚਾਰ ਦਿਨ ਤਕ ਬੇਹੋਸ਼ ਰੱਖਿਆ ਗਿਆ ਸੀ ਅਤੇ ਫਿਰ ਉਸ ਦਾ ਕਤਲ ਕਰ ਦਿਤਾ ਗਿਆ ਸੀ। ਇਸ ਮਾਮਲੇ ਵਿਚ ਕ੍ਰਾਈਮ ਬ੍ਰਾਂਚ ਨੇ ਗ੍ਰਾਮ ਪ੍ਰਧਾਨ ਸਾਂਜੀ ਰਾਮ, ਉਸ ਦੇ ਪੁੱਤਰ ਵਿਸ਼ਾਲ, ਨਾਬਾਲਗ ਭਤੀਜੇ ਅਤੇ ਉਸ ਦੇ ਦੋਸਤ ਆਨੰਦ ਦੱਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਅਧਿਕਾਰੀ ਦੀਪਕ ਖਜੂਰੀਆ ਤੇ ਸੁਰਿੰਦਰ ਵਰਮਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।