
ਆਉਣ ਵਾਲੇ ਦਿਨਾਂ ਵਿਚ ਮਹਿੰਗਾਈ ਹੋਰ ਵਧੇਗੀ
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ ਨੂੰ ਲੈ ਕੇ ਵੀਰਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਨਾ ਤਾਂ ਦੇਸ਼ ਨਾਲ ਵਫਾਦਾਰੀ ਨਿਭਾਈ ਅਤੇ ਨਾ ਹੀ ਜਨਤਾ ਨਾਲ।
ਉਨ੍ਹਾਂ ਨੇ ਫ਼ੇਸਬੁੱਕ ਪੋਸਟ ’ਚ ਕਿਹਾ,‘‘ਵਫਾਦਾਰੀ ਅਤੇ ਅਦਾਕਾਰੀ ’ਚ ਫਰਕ ਹੈ। ਮੋਦੀ ਸਰਕਾਰ ਨੇ ਨਾ ਤਾਂ ਦੇਸ਼ ਨਾਲ ਵਫਾਦਾਰੀ ਨਿਭਾਈ ਅਤੇ ਨਾ ਹੀ ਜਨਤਾ ਨਾਲ। ਮੈਂ ਗੱਲ ਕਰ ਰਿਹਾ ਹਾਂ ਮਹਿੰਗਾਈ ਦੀ। ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਮਹਿੰਗਾਈ ਅੱਗੇ ਚੱਲ ਕੇ ਘੱਟ ਹੋ ਜਾਵੇਗੀ ਤਾਂ ਤੁਸੀਂ ਗਲਤਫਹਿਮੀ ’ਚ ਹੋ। ਆਉਣ ਵਾਲੇ ਦਿਨਾਂ ’ਚ ਮੋਦੀ ਸਰਕਾਰ ਦੇ ਨਵੇਂ ਵਾਰ ਲਈ ਤਿਆਰ ਹੋ ਜਾਓ।’’ ਰਾਹੁਲ ਨੇ ਕਿਹਾ, ‘‘ਆਰ.ਬੀ.ਆਈ. ਨੇ ਰੈਪੋ ਰੇਟ ’ਚ 0.5 ਫ਼ੀ ਸਦੀ ਦਾ ਵਾਧਾ ਕੀਤਾ ਹੈ, ਜੋ ਹੁਣ ਵਧ ਕੇ 4.9 ਫ਼ੀ ਸਦੀ ਹੋ ਗਿਆ ਹੈ। ਆਰ.ਬੀ.ਆਈ. ਅਨੁਸਾਰ 2022-23 ’ਚ ਮਹਿੰਗਾਈ ਹੋਰ ਵਧਣ ਵਾਲੀ ਹੈ ਅਤੇ ਉੱਥੇ ਹੀ ਪਰਚੂਨ ਮਹਿੰਗਾਈ 6.7 ਫ਼ੀ ਸਦੀ ਰਹਿਣ ਵਾਲੀ ਹੈ।’’
Rahul Gandhi
ਉਨ੍ਹਾਂ ਦਾਅਵਾ ਕੀਤਾ,‘‘ਸਰਕਾਰ ਦੀਆਂ ਗ਼ਲਤ ਆਰਥਕ ਨੀਤੀਆਂ ਨੇ ਆਮ ਜਨਤਾ ’ਤੇ ਮਹਿੰਗਾਈ ਦਾ ਅਜਿਹਾ ਬੋਝ ਪਾਇਆ ਹੈ ਕਿ ਹੁਣ ਲੋਕਾਂ ਦੇ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ। ਹੋਮ, ਆਟੋ, ਪਰਸਨਲ ਲੋਨ ਅਤੇ ਮਹੀਨਾਵਾਰ ਕਿਸ਼ਤ ਮਹਿੰਗੀ ਹੋਵੇਗੀ।’’ ਕਾਂਗਰਸ ਨੇਤਾ ਨੇ ਸਵਾਲ ਕੀਤਾ,‘‘ਮੱਧਮ ਵਰਗ ਅਤੇ ਨੌਕਰੀਪੇਸ਼ਾ ਲੋਕ ਕਿਥੇ ਜਾਣ ਅਤੇ ਅਪਣਾ ਪਰਵਾਰ ਕਿਵੇਂ ਪਾਲਣ।’’
Rahul Gandhi