
ਕਿਹਾ, ਸਾਰੇ ਧਰਮਾਂ ਦਾ ਮਾਣ ਕੀਤਾ ਜਾਣਾ ਚਾਹੀਦੈ
ਨਾਗਪੁਰ: ਮੋਦੀ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਤੋਂ ਇਕ ਦਿਨ ਬਾਅਦ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਮੁਖੀ ਮੋਹਨ ਭਾਗਵਤ ਨੇ ਵੱਡਾ ਬਿਆਨ ਆਇਆ ਹੈ। ਮੋਹਨ ਭਾਗਵਤ ਨੇ ਹਿੰਸਾ ਪ੍ਰਭਾਵਤ ਉੱਤਰ-ਪੂਰਬੀ ਰਾਜ ਮਨੀਪੁਰ ਬਾਰੇ ਅੱਜ ਸ਼ਾਮ ਚੇਤਾਵਨੀ ਦਿਤੀ।
ਪਿਛਲੇ ਸਾਲ ਮਈ ’ਚ ਹਿੰਸਾ ਭੜਕਣ ਤੋਂ ਬਾਅਦ ਪਹਿਲੀ ਵਾਰ ਇਸ ਮੁੱਦੇ ’ਤੇ ਬੋਲਦਿਆਂ ਭਾਗਵਤ ਨੇ ਕਿਹਾ ਕਿ ਮਨੀਪੁਰ ਇਕ ਸਾਲ ਤੋਂ ਸ਼ਾਂਤੀ ਦੀ ਉਡੀਕ ਕਰ ਰਿਹਾ ਹੈ। ਹਿੰਸਾ ਨੂੰ ਰੋਕਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਤਰਜੀਹ ਦਿਤੀ ਜਾਣੀ ਚਾਹੀਦੀ ਹੈ।
ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਇਹ ਵੀ ਕਿਹਾ ਕਿ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਸਾਨੂੰ ਸਾਰਿਆਂ ਦੀ ਪੂਜਾ ਦਾ ਸਤਿਕਾਰ ਕਰਨਾ ਪਵੇਗਾ, ਮਨਜ਼ੂਰ ਕਰਨਾ ਪਵੇਗਾ ਕਿ ਉਨ੍ਹਾਂ ਦਾ ਧਰਮ ਵੀ ਸਾਡੇ ਵਾਂਗ ਸੱਚਾ ਹੈ।’’
ਉਨ੍ਹਾਂ ਅੱਗੇ ਕਿਹਾ, ‘‘ਚੋਣਾਂ ਆਮ ਸਹਿਮਤੀ ਬਣਾਉਣ ਦੀ ਪ੍ਰਕਿਰਿਆ ਹੈ, ਸੰਸਦ ’ਚ ਕਿਸੇ ਵੀ ਸਵਾਲ ਦੇ ਦੋਵੇਂ ਪੱਖਾਂ ਨੂੰ ਉਠਾਉਣ ਲਈ ਇਕ ਪ੍ਰਣਾਲੀ ਹੈ। ਚੋਣ ਪ੍ਰਚਾਰ ’ਚ ਜਿਸ ਤਰ੍ਹਾਂ ਇਕ-ਦੂਜੇ ’ਤੇ ਹਮਲਾ ਕਰਨਾ, ਤਕਨਾਲੋਜੀ ਦੀ ਦੁਰਵਰਤੋਂ, ਝੂਠ ਫੈਲਾਉਣਾ ਸਹੀ ਨਹੀਂ ਹੈ, ਉਸੇ ਤਰ੍ਹਾਂ ਵਿਰੋਧੀ ਦੀ ਬਜਾਏ ਵਿਰੋਧੀ ਧਿਰ ਨੂੰ ਵਿਰੋਧੀ ਧਿਰ ਕਿਹਾ ਜਾਣਾ ਚਾਹੀਦਾ ਹੈ। ਸਾਨੂੰ ਅਪਣੇ ਆਪ ਨੂੰ ਚੋਣਾਂ ਦੇ ਲਾਲਚ ਤੋਂ ਮੁਕਤ ਕਰਨਾ ਪਵੇਗਾ ਅਤੇ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਸੋਚਣਾ ਪਵੇਗਾ।’’