
ਭਾਰਤ ਅਤੇ ਨੇਪਾਲ ਦਰਮਿਆਨ ਚੱਲ ਰਹੇ ਉਥਲ-ਪੁਥਲ ਦੇ ਵਿਚਕਾਰ ਨੇਪਾਲ 'ਚ ਭਾਰਤੀ ਨਿਊਜ਼ ਚੈਨਲਾਂ ਦੇ ਟੈਲੀਕਾਸਟ 'ਤੇ ਪਾਬੰਦੀ
ਕਾਠਮੰਡੂ, 9 ਜੁਲਾਈ : ਭਾਰਤ ਅਤੇ ਨੇਪਾਲ ਦਰਮਿਆਨ ਚੱਲ ਰਹੇ ਉਥਲ-ਪੁਥਲ ਦੇ ਵਿਚਕਾਰ ਨੇਪਾਲ 'ਚ ਭਾਰਤੀ ਨਿਊਜ਼ ਚੈਨਲਾਂ ਦੇ ਟੈਲੀਕਾਸਟ 'ਤੇ ਪਾਬੰਦੀ ਲਗਾਈ ਗਈ ਹੈ। ਜਦਕਿ ਦੂਰਦਰਸ਼ਨ ਦਾ ਪ੍ਰਸਾਰਣ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ। ਨੇਪਾਲ ਦੇ ਕੇਬਲ ਟੀਵੀ ਪ੍ਰਦਾਤਾ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦਸਿਆ ਕਿ ਦੇਸ਼ ਵਿਚ ਭਾਰਤੀ ਨਿਊਜ਼ ਚੈਨਲਾਂ ਦੇ ਸਿਗਨਲਾਂ ਨੂੰ ਬੰਦ ਕਰ ਦਿਤਾ ਗਿਆ ਹੈ। ਹਾਲਾਂਕਿ, ਅਜੇ ਤਕ ਨੇਪਾਲ ਸਰਕਾਰ ਵਲੋਂ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।
ਨੇਪਾਲ ਵਿਚ ਰਾਜਨੀਤਿਕ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਨੇਪਾਲ (ਐਨਸੀਪੀ) ਦੇ ਅੰਦਰ ਮਤਭੇਦ ਖ਼ਤਮ ਹੁੰਦੇ ਪ੍ਰਤੀਤ ਨਹੀਂ ਹੁੰਦੇ। ਨੇਪਾਲ ਦੇ ਸਾਬਕਾ ਉਪ ਪ੍ਰਧਾਨਮੰਤਰੀ ਅਤੇ ਐਨਸੀਪੀ ਦੇ ਬੁਲਾਰੇ ਨਾਰਾਇਣ ਕਾਜ਼ੀ ਸ਼ਰੇਸ਼ਠਾ ਨੇ ਕਿਹਾ ਹੈ ਕਿ ਨੇਪਾਲ ਸਰਕਾਰ ਅਤੇ ਸਾਡੇ ਪ੍ਰਧਾਨ ਮੰਤਰੀ ਵਿਰੁਧ ਭਾਰਤੀ ਮੀਡੀਆ ਵਲੋਂ ਕੀਤਾ ਬੇਬੁਨਿਆਦ ਪ੍ਰਚਾਰ ਨੇ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਹਨ। (ਏਜੰਸੀ)
File Photo
ਓਲੀ ਤੇ ਪ੍ਰਚੰਡ ਵਿਚਾਲੇ ਹੋਈ ਗੱਲਬਾਤ ਵਿਚ ਨਹੀਂ ਬਣ ਸਕੀ ਸਹਿਮਤੀ
ਕਾਠਮਾਂਡੁ, 9 ਜੁਲਾਈ : ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਐਨਸੀਪੀ) ਦੇ ਅੰਦਰ ਪੈਦਾ ਹੋਏ ਮੱਤਭੇਦ ਖ਼ਤਮ ਹੁੰਦੇ ਨਹੀਂ ਦਿਖਾਈ ਦੇ ਰਹੇ ਹਨ। ਵੀਰਵਾਰ ਨੂੰ ਆਈ ਰੀਪੋਰਟ ਮੁਤਾਬਕ ਪ੍ਰਧਾਨ ਮੰਤਰੀ ਕੇ.ਪੀ ਸ਼ਰਮਾ ਓਲੀ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪੁਸ਼ਪ ਕਮਲ ਦਹਿਤ 'ਪ੍ਰਚੰਡ' ਵਿਚਾਲੇ ਇਕ ਹਫ਼ਤੇ 'ਚ ਅੱਧਾ ਦਰਜ਼ਨ ਤੋਂ ਵੱਧ ਬੈਠਕਾਂ ਹੋਣ ਦੇ ਬਾਵਜੂਦ ਵੀ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਬੁਧਵਾਰ ਨੂੰ ਐਨਸੀਪੀ ਦੀ 45 ਮੈਂਬਰਾਂ ਦੀ ਸਥਾਈ ਕਮੇਟੀ ਦੀ ਇਕ ਮਹੱਤਵਪੂਰਣ ਬੈਠਕ ਸ਼ੁਕਰਵਾਰ ਤਕ ਲਈ ਮੁਲਤਵੀ ਕਰ ਦਿਤੀ ਗਈ ਹੈ।
ਇਹ ਲਗਾਤਾਰ ਚੌਥਾ ਮੌਕਾ ਸੀ ਜਦੋਂ ਪਾਰਟੀ ਦੀ ਬੈਠਕ ਟਾਲ ਦਿਤੀ ਗਈ ਸੀ ਤਾਕਿ ਪਾਰਟੀ ਦੇ ਦੋ ਪ੍ਰਧਾਨਾਂ ਨੂੰ ਮੱਤਭੇਦਾਂ ਨੂੰ ਦੂਰ ਕਰਨ ਲਈ ਲੋੜੀਦਾਂ ਸਮਾਂ ਨਾ ਮਿਲ ਸਕੇ। ਉਮੀਦ ਕੀਤੀ ਜਾ ਰਹੀ ਹੈ ਕਿ 68 ਸਾਲਾ ਓਲੀ ਦੇ ਰਾਜਨੀਤੀਕ ਭਵਿੱਖ ਬਾਰੇ ਸ਼ੁਕਰਵਾਰ ਨੂੰ ਸਥਾਈ ਕਮੇਟੀ ਦੀ ਬੈਠਕ ਦੌਰਾਨ ਫ਼ੈਸਲਾ ਕੀਤਾ ਜਾ ਸਕਦਾ ਹੈ। ਇਸ ਦੌਰਾਨ ਨੇਪਾਲ 'ਚ ਚੀਨੀ ਰਾਜਦੂਤ ਹੋਉ ਯਾਨਕੀ ਦੀ ਸਰਗਰਮੀ ਵੱਧ ਗਈ ਹੈ ਤਾਕਿ ਓਲੀ ਦੀ ਕੁਰਸੀ ਨੂੰ ਬਚਾਇਆ ਜਾ ਸਕੇ। (ਪੀਟੀਆਈ)