
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੌਥਾ ਨੇ ਕਿਹਾ ਹੈ ਕਿ ਹਰਿਆਣਾ ਵਿਚ ਸਿੱਖਾਂ ਨੂੰ ਅਪਣੀ ਹੋਂਦ, ਪਹਿਚਾਣ ਸਥਾਪਤ ਕਰਨ ਲਈ..............
ਸ਼ਾਹਬਾਦ ਮਾਰਕੰਡਾ : ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੌਥਾ ਨੇ ਕਿਹਾ ਹੈ ਕਿ ਹਰਿਆਣਾ ਵਿਚ ਸਿੱਖਾਂ ਨੂੰ ਅਪਣੀ ਹੋਂਦ, ਪਹਿਚਾਣ ਸਥਾਪਤ ਕਰਨ ਲਈ ਇਕ ਵੱਡਾ ਇਕੱਠ ਕਰਨ ਦੀ ਲੋੜ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ 19 ਅਗੱਸਤ ਦੀ ਪ੍ਰਸਤਾਵਤ ਪਿਪਲੀ ਰੈਲੀ ਵਿਚ ਆਪਸੀ ਮਤਭੇਦ ਭੁਲਾ ਕੇ ਵੱਡੀ ਗਿਣਤੀ ਵਿਚ ਪਹੁੰਚੋ, ਤਾਂਹੀ ਤੁਹਾਡੀ ਹਰਿਆਣਾ ਵਿਚ ਪੱਛ-ਗਿਛ ਹੋਵੇਗੀ। ਸ੍ਰੀ ਸੌਥਾ ਕੱਲ ਸ਼ਾਮੀ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਮਸਤ ਗੜ੍ਹ ਸਾਹਿਬ ਵਿਖੇ ਸੰਗਤ ਦੇ ਇਕੱਠ ਨੂੰ ਸੰਬੋਧਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਦਾ ਹਰਿਆਣਾ ਦਾ ਗਠਨ ਹੋਇਆ ਹੈ, ਕਿਸੇ ਵੀ ਪਾਰਟੀ ਦੀ ਸਰਕਾਰ ਨੇ ਸਿੱਖਾਂ ਦੀ ਸਾਰ ਨਹੀ ਲਈ। ਮਹਿਲਾਂ ਵਿੰਗ ਹਰਿਆਣਾ ਅਕਾਲੀ ਦਲ ਦੀ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਨਾ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਸਾਡੀ ਮੰਗ 'ਤੇ ਸਾਨੂੰ ਹਰਿਆਣਾ ਵਿਚ ਚੋਣਾਂ ਲੜਨ ਲਈ ਕਿਹਾ ਹੈ। ਇਸ ਲਈ ਔਰਤਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਸ਼ਾਹਬਾਦ ਹਲਕੇ ਦੀਆਂ ਬੀਬੀਆਂ ਨੂੰ ਅਪੀਲ ਕੀਤੀ ਕਿ 19 ਅਗੱਸਤ ਨੂੰ ਉਹ ਵੱਡੀ ਗਿਣਤੀ ਵਿਚ ਪਿਪਲੀ ਪਹੰਚ ਕੇ ਰੈਲੀ ਵਿਚ ਅਪਣਾ ਸ਼ਕਤੀ ਪ੍ਰਦਰਸ਼ਨ ਕਰਨ।
ਅਕਾਲੀ ਦੱਲ ਦੇ ਹਰਿਆਣਾ ਤੋ ਬੁਲਾਰੇ ਕਵਲਜੀਤ ਸਿੰਘ ਅਜਰਾਨਾ ਨੇ ਕਿਹਾ ਕਿ ਹੁਣ ਸੁਨਹਿਰੀ ਮੌਕਾ ਹੈ ਕਿ ਤੁਸੀ ਰਾਜਨੀਤਿਕ ਤੌਰ 'ਤੇ ਇਕੱਠੇ ਹੋ ਕੇ ਅਪਣੀ ਤਾਕਤ ਵਿਖਾਉ। ਇਸ ਮੌਕੇ ਮਹਿਲਾ ਵਿੰਗ ਕੌਮੀ ਕੌਰ ਕਮੇਟੀ ਦੀ ਮੈਂਬਰ ਬੀਬੀ ਕਰਤਾਰ ਕੌਰ ਗਿਲ ਨੇ ਕਿਹਾ ਕਿ ਇਤਿਹਾਸ ਵਿਚ ਸ਼ਾਹਬਾਦ ਦੇ ਸਿੱਖਾਂ ਦਾ ਨਾਮ ਵਿਸ਼ੇਸ਼ ਤੌਰ 'ਤੇ ਆਉਂਦਾ ਹੈ।
ਉਨ੍ਹਾਂ ਪਾਰਟੀ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ਼ ਦੁਆਇਆ ਕਿ ਪਿਪਲੀ ਰੈਲੀ ਨੂੰ ਸਫ਼ਲ ਬਣਾਉਣ ਵਿਚ ਵੀ ਸ਼ਾਹਬਾਦ ਦੇ ਸਿੱਖ ਅੱਗੇ ਵੱਧ ਕੇ ਹਿੱਸਾ ਲੈਣਗੇ। ਇਸ ਮੌਕੇ ਅਕਾਲੀ ਨੇਤਾ ਤੇਜਿੰਦਰ ਸਿੰਘ ਮੱਕਰ, ਪ੍ਰੀਤਮ ਸਿੰਘ ਸਿੰਗਾਰੀ, ਮਨਜੀਤ ਸਿੰਘ, ਹਰਭਜਨ ਸਿੰਘ ਸੇਠੀ, ਜਸਪਾਲ ਸਿੰਘ, ਹਰਚਰਨ ਸਿੰਘ ਖਾਲਸਾ, ਕਰਤਾਰ ਸਿੰਘ ਕੱਕਰ ਆਦਿ ਨੇ ਭਰੋਸਾ ਦਿਤਾ ਕਿ ਉਹ ਸਿੱਖਾਂ ਨੂੰ ਰੈਲੀ ਵਿਚ ਲੈ ਕੇ ਪਹੁੰਚਣਗੇ।