
ਪਾਕਿਸਤਾਨ ਘੱਟ ਗਿਣਤੀਆਂ ਲਈ ਨਰਕ ਬਣਿਆ : ਸਿਰਸਾ
ਨਵੀਂ ਦਿੱਲੀ, 9 ਅਗੱਸਤ (ਸੁਖਰਾਜ ਸਿੰਘ): ਭਾਤਰ ਦੇਸ਼ ਦੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਹਿੰਦੂ ਤੇ ਸਿੱਖਾਂ ਸਮੇਤ ਘੱਟ ਗਿਣਤੀਆਂ 'ਤੇ ਜ਼ੁਲਮ ਤੇ ਤਸ਼ੱਦਦ ਢਾਹੁਣ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਹੁਣ 16 ਵਰ੍ਹਿਆਂ ਦੀ ਲੜਕੀ ਕਵਿਤਾ ਨੂੰ ਆਦਿਲ ਨੇ ਰਾਜਾ ਮੰਡੀ ਜ਼ਿਲ੍ਹਾ ਬਧੀਨ ਤੋਂ ਧੱਕੇ ਨਾਲ ਅਗ਼ਵਾ ਕਰ ਲਿਆ ਹੈ।
ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਰਦਿਆਂ ਦਸਿਆ ਕਿ ਕਵਿਤਾ ਦੇ ਪਿਤਾ ਭੋਜੋ ਕੋਹਲੀ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਘੱਟ ਗਿਣਤੀਆਂ ਲਈ ਨਰਕ ਬਣ ਕੇ ਰਹਿ ਗਿਆ ਹੈ ਜਿਥੇ ਉਨ੍ਹਾਂ ਦੀਆਂ ਲੜਕੀਆਂ ਨੂੰ ਅਗ਼ਵਾ ਕੀਤਾ ਹੈ ਤੇ ਧਰਮ ਪਰਿਵਰਤਨ ਕੀਤਾ ਜਾਂਦਾ ਹੈ ਤੇ ਫਿਰ ਜਬਰੀ ਨਿਕਾਹ ਕਰ ਦਿਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕੀਆਂ ਦੇ ਮਾਪੇ ਅਪਣੀ ਗੱਲ ਰੋ-ਰੋ ਕੇ ਦੁਹਾਈਆਂ ਦਿੰਦੇ ਦਸਦੇ ਹਨ ਪਰ ਕੋਈ ਸੁਣਵਾਈ ਨਹੀਂ ਹੁੰਦੀ।
ਉਨ੍ਹਾਂ ਕਿਹਾ ਕਿ ਕਲ ਨੂੰ ਇਹ ਮੀਡੀਆ ਵਿਚ ਆ ਜਾਵੇਗਾ ਕਿ ਲੜਕੀ ਨੇ ਅਪਣੀ ਮਰਜ਼ੀ ਨਾਲ ਨਿਕਾਹ ਕੀਤਾ ਹੈ। ਸ. ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਕਿ ਘੱਟ ਗਿਣਤੀਆਂ 'ਤੇ ਇਹ ਜ਼ੁਲਮ ਤੇ ਤਸ਼ੱਦਦ ਬੰਦ ਕਰਵਾਇਆ ਜਾਵੇ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਪਾਕਿਸਤਾਨ ਵਿਚ ਹਿੰਦੂ ਤੇ ਸਿੱਖ ਤੇ ਹੋਰ ਘੱਟ ਗਿਣਤੀਆਂ ਦੀ ਰਾਖੀ ਯਕੀਨੀ ਬਣਾਈ ਜਾਵੇ।