
ਰਖਿਆ ਮੰਤਰੀ ਰਾਜਨਾਥ ਸਿੰਘ ਨੇ 2024 ਤਕ ਰੋਕ ਲਾਉਣ ਦਾ ਕੀਤਾ ਐਲਾਨ
ਨਵੀਂ ਦਿੱਲੀ, 9 ਅਗੱਸਤ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਘਰੇਲੂ ਰਖਿਆ ਉਦਯੋਗ ਨੂੰ ਹੱਲਾਸ਼ੇਰੀ ਦੇਣ ਦੀ ਅਹਿਮ ਪਹਿਲਾ ਕਰਦਿਆਂ 101 ਹਥਿਆਰਾਂ ਅਤੇ ਫ਼ੌਜੀ ਉਪਕਰਣਾਂ ਦੀ ਦਰਾਮਦ 'ਤੇ 2024 ਤਕ ਲਈ ਰੋਕ ਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਉਪਕਰਣਾਂ ਵਿਚ ਹਲਕੇ ਲੜਾਕੂ ਹੈਲੀਕਾਪਟਰ, ਮਾਲਵਾਹਕ ਜਹਾਜ਼, ਰਵਾਇਤੀ ਪਣਡੁੱਬੀਆਂ ਅਤੇ ਕਰੂਜ਼ ਮਿਜ਼ਾਈਲਾਂ ਸ਼ਾਮਲ ਹਨ। ਉਨ੍ਹਾਂ ਟਵਿਟਰ 'ਤੇ ਇਹ ਐਲਾਨ ਕਰਦਿਆਂ ਅਨੁਮਾਨ ਲਾਇਆ ਕਿ ਇਸ ਫ਼ੈਸਲੇ ਨਾਲ ਅਗਲੇ ਪੰਜ ਤੋਂ ਸੱਤ ਸਾਲਾਂ ਵਿਚ ਘਰੇਲੂ ਰਖਿਆ ਸਨਅਤ ਨੂੰ ਲਗਭਗ ਚਾਰ ਲੱਖ ਕਰੋੜ ਦੇ ਰੁਪਏ ਦੇ ਠੇਕੇ ਮਿਲਣਗੇ।
Rajnath Singh
ਉਨ੍ਹਾਂ ਕਿਹਾ ਕਿ ਰਖਿਆ ਮੰਤਰਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਆਤਮਨਿਰਭਰ ਭਾਰਤ' ਸੱਦੇ ਨੂੰ ਅੱਗੇ ਵਧਾਉਂਦਿਆਂ ਘਰੇਲੂ ਰਖਿਆ ਨਿਰਮਾਣ ਲਈ ਹੁਣ ਵੱਡੇ ਕਦਮ ਚੁੱਕਣ ਵਾਸਤੇ ਤਿਆਰ ਹੈ। 101 ਚੀਜ਼ਾਂ ਦੀ ਸੂਚੀ ਵਿਚ ਟੋਇਡ ਆਰਟਲਰੀ ਬੰਦੂਕਾਂ, ਘੱਟ ਦੂਰੀ ਦੀ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ, ਗਸ਼ਤੀ ਜਹਾਜ਼, ਇਲੈਕਟ੍ਰਾਨਿਕ ਜੰਗੀ ਪ੍ਰਣਾਲੀ, ਅਗਲੀ ਪੀੜ੍ਹੀ ਦੇ ਮਿਜ਼ਾਈਲ ਜਹਾਜ਼, ਫ਼ਲੋਟਿੰਗ ਡੌਕ, ਪਣਡੁੱਬੀ ਵਿਰੋਧੀ ਰਾਕੇਟ ਲਾਂਚਰ ਅਤੇ ਘੱਟ ਦੂਰੀ ਦੇ ਸਮੁੰਦਰੀ ਟੋਹੀ ਜਹਾਜ਼ ਸ਼ਾਮਲ ਹਨ। ਸੂਚੀ ਵਿਚ ਬੁਨਿਆਦੀ ਸਿਖਲਾਈ ਜਹਾਜ਼, ਹਲਕੇ ਰਾਕੇਟ ਲਾਂਚਰ, ਮਲਟੀ ਬੈਰਲ ਰਾਕੇਟ ਲਾਂਚਰ, ਮਿਜ਼ਾਈਲ ਡੈਸਟਰਾਇਰ, ਜਹਾਜ਼ਾਂ ਲਈ ਸੋਨਾਰ ਪ੍ਰਣਾਲੀ, ਰਾਕੇਟ, ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਹਲਕੀ ਮਸ਼ੀਨ ਗਨ ਅਤੇ ਆਰਟਲਰੀ ਗੋਲਾ ਬਾਰੂਦ ਅਤੇ ਜਹਾਜ਼ਾਂ 'ਤੇ ਲੱਗਣ ਵਾਲੀਆਂ ਦਰਮਿਆਨੀ ਸ਼੍ਰੇਣੀ ਦੀਆਂ ਬੰਦੂਕਾਂ ਵੀ ਸ਼ਾਮਲ ਹਨ।
ਰਾਜਨਾਥ ਸਿੰਘ ਦਾ ਐਲਾਨ ਰਖਿਆ ਮੰਤਰਾਲੇ ਦੀ ਰਖਿਆ ਖ਼ਰੀਦ ਨੀਤੀ ਦੇ ਖਰੜੇ ਦੇ ਇਕ ਹਫ਼ਤੇ ਮਗਰੋਂ ਸਾਹਮਣੇ ਆਇਆ ਹੈ। ਖਰੜੇ ਵਿਚ ਰਖਿਆ ਮੰਤਰਾਲੇ ਨੇ 2025 ਤਕ ਰਖਿਆ ਨਿਰਮਾਣ ਵਿਚ 1.75 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ ਲਾਇਆ ਸੀ। ਭਾਰਤ ਰਖਿਆ ਕੰਪਨੀਆਂ ਲਈ ਸੱਭ ਤੋਂ ਆਕਰਸ਼ਕ ਬਾਜ਼ਾਰਾਂ ਵਿਚੋਂ ਇਕ ਹੈ। ਭਾਰਤ ਪਿਛਲੇ ਅੱਠ ਸਾਲਾਂ ਤੋਂ ਫ਼ੌਜੀ ਹਾਰਡਵੇਅਰ ਦੇ ਸਿਖਰਲੇ ਤਿੰਨ ਦਰਾਮਦਕਾਰਾਂ ਵਿਚ ਸ਼ਾਮਲ ਹੈ। ਸਰਕਾਰੀ ਦਸਤਾਵੇਜ਼ ਮੁਤਾਬਕ 69 ਵਸਤਾਂ 'ਤੇ ਦਰਾਮਦ ਰੋਕ ਦਸੰਬਰ 2020 ਤੋਂ ਲਾਗੂ ਹੋਵੇਗੀ ਜਦਕਿ ਹੋਰ 11 ਵਸਤਾਂ 'ਤੇ ਰੋਕ ਦਸੰਰ 2021 ਤੋਂ ਲਾਗੂ ਹੋਵੇਗੀ।
PM Modi
ਪ੍ਰਧਾਨ ਮੰਤਰੀ 15 ਅਗੱਸਤ ਨੂੰ ਪੇਸ਼ ਕਰਨਗੇ ਨਵੀਂ ਰੂਪਰੇਖਾ- ਰਖਿਆ ਮੰਤਰੀ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗੱਸਤ ਨੂੰ ਲਾਲ ਕਿਲ੍ਹੇ ਤੋਂ ਦੇਸ਼ ਦੇ ਨਾਮ ਅਪਣੇ ਭਾਸ਼ਨ ਵਿਚ ਆਤਮਨਿਰਭਰ ਭਾਰਤ ਲਈ ਨਵੀਂ ਰੂਪਰੇਖਾ ਪੇਸ਼ ਕਰਨਗੇ ਉਨ੍ਹਾਂ ਕਿਹਾ ਕਿ ਵੱਖ ਵੱਖ ਵਿਭਾਗ ਆਤਮਨਿਰਭਰ ਭਾਰਤ ਦੀ ਮੋਦੀ ਦੀ ਪਹਿਲ ਦੇ ਲਾਗੂ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੇ ਹਨ ਅਤੇ ਇਹ ਦੇਸ਼ ਵਿਚ ਬਣੀਆਂ ਚੀਜ਼ਾਂ 'ਤੇ ਮਹਾਤਮਾ ਗਾਂਧੀ ਦੇ ਜ਼ੋਰ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਹੈ।
P. Chidambaram
ਰਖਿਆ ਉਪਕਰਣਾਂ ਦੀ ਦਰਾਮਦ 'ਤੇ ਰੋਕ ਮਹਿਜ਼ ਸ਼ਬਦਜਾਲ : ਚਿਦੰਬਰਮ- ਕਾਂਗਰਸ ਆਗੂ ਪੀ ਚਿਦੰਬਰਮ ਨੇ ਰਖਿਆ ਉਪਕਰਣਾਂ ਦੀ ਦਰਾਮਦ 'ਤੇ ਰੋਕ ਲਾਉਣ ਦੇ ਐਲਾਨ ਬਾਰੇ ਕਿਹਾ ਕਿ ਇਹ ਸਿਰਫ਼ ਸ਼ਬਦਜਾਲ ਹੈ ਕਿਉਂਕਿ ਇਨ੍ਹਾਂ ਉਪਕਰਣਾਂ ਦਾ ਇਕੋ ਇਕ ਦਰਾਮਦਕਾਰ ਰਖਿਆ ਮੰਤਰਾਲਾ ਹੈ। ਚਿਦੰਬਰਮ ਨੇ ਟਵਿਟਰ 'ਤੇ ਕਿਹਾ ਕਿ ਰਖਿਆ ਮੰਤਰੀ ਨੇ ਸਵੇਰੇ 'ਧਮਾਕਾ ਕਰਨ' ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਦਾ ਐਲਾਨ ਉਮੀਦ ਤੋਂ ਉਲਟ ਰਿਹਾ। ਉਨ੍ਹਾਂ ਕਿਹਾ, 'ਰਖਿਆ ਉਪਕਰਣਾਂ ਦਾ ਇਕੋ ਇਕ ਦਰਾਮਦਕਾਰ ਰਖਿਆ ਮੰਤਰਾਲਾ ਹੈ। ਦਰਾਮਦ 'ਤੇ ਕੋਈ ਵੀ ਰੋਕ ਅਸਲ ਵਿਚ ਅਪਣੇ ਆਪ 'ਤੇ ਰੋਕ ਹੈ।' ਸਾਬਕਾ ਗ੍ਰਹਿ ਮੰਤਰੀ ਨੇ ਕਿਹਾ ਕਿ ਰਖਿਆ ਮੰਤਰੀ ਨੇ ਅਪਣੇ ਕਥਿਤ ਇਤਿਹਾਸਕ ਐਲਾਨ ਵਿਚ ਜੋ ਕਿਹਾ, ਉਸ ਲਈ ਉਸ ਦੇ ਸਕੱਤਰਾਂ ਨੂੰ ਸਿਰਫ਼ ਮੰਤਰੀ ਦੇ ਦਫ਼ਤਰੀ ਹੁਕਮ ਦੀ ਲੋੜ ਸੀ। ਉਨ੍ਹਾਂ ਕਿਹਾ, 'ਇਹ ਰੋਕ ਮਹਿਜ਼ ਸ਼ਬਦਜਾਲ ਹੈ। ਇਸ ਦਾ ਅਰਥ ਇਹ ਹੈ ਕਿ ਅਸੀਂ ਦੋ ਤੋਂ ਚਾਰ ਸਾਲਾਂ ਵਿਚ ਉਨ੍ਹਾਂ ਚੀਜ਼ਾਂ ਜਿਨ੍ਹਾਂ ਦੀ ਅਸੀਂ ਅੱਜ ਦਰਾਮਦ ਕਰਦੇ ਹਾਂ, ਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਫਿਰ ਦਰਾਮਦ ਬੰਦ ਕਰ ਦਿਆਂਗੇ।'