
Panthak News: ਸੁਖਬੀਰ ਬਾਦਲ ਦੇ ਚੋਣਾਂ ਲੜਨ ’ਤੇ ਅਕਾਲ ਤਖ਼ਤ ਤੋਂ ਲਾਈ ਜਾਵੇ ਪਾਬੰਦੀ: ਸਰਬਜੀਤ ਸਿੰਘ ਭੂਟਾਨੀ
Sarabjit Singh Bhutani Panthak News: ਬਾਗ਼ੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਨੂੂੰ ਬਚਾਉਣ ਦੇ ਨਾਂਅ ‘ਤੇ ਆਪਣੇ ਮੁਫ਼ਾਦਾਂ ਦੀ ਸਿਆਸਤ ਖ਼ੇਡ ਰਹੇ ਹਨ। ਸੌਦਾ ਸਾਧ ਨੂੰ ਮਾਫ਼ੀ ਦਿਵਾਉਣ, ਬੇਅਦਬੀਆਂ ਤੇ ਬਰਗਾੜੀ ਵਿਖੇ ਸਿੱਖ ਨੌਜਵਾਨਾਂ ਨੂੰ ਪੁਲਿਸ ਗੋਲੀਬਾਰੀ ਨਾਲ ਮਾਰ ਮੁਕਾਉਣ ਦੇ ਮਾਮਲੇ ਵਿਚ ਜੇ ਸੁਖਬੀਰ ਸਿੰਘ ਬਾਦਲ ਦੋਸ਼ੀ ਹਨ, ਤਾਂ ਬਾਗ਼ੀ ਅਕਾਲੀ ਵੀ ਬਰਾਬਰ ਦੇ ਭਾਈਵਾਲ ਹਨ। ਇਕੱਲੇ ਸੁਖਬੀਰ ਬਾਦਲ ਨੂੰ ਦੋਸ਼ੀ ਗਰਦਾਨ ਕੇ, ਬਾਗ਼ੀ ਅਕਾਲੀ ਧੜਾ ‘ਦੁੱਧ ਧੋਤਾ’ ਨਹੀਂ ਬਣ ਜਾਂਦਾ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਦਿੱਲੀ ਇਕਾਈ ਦੇ ਸਾਬਕਾ ਜਨਰਲ ਸਕੱਤਰ ਸਰਬਜੀਤ ਸਿੰਘ ਭੂਟਾਨੀ ਨੇ ਕੀਤਾ।
ਉਨ੍ਹ੍ਹਾਂ ਕਿਹਾ, ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ, ਸੁਖਬੀਰ ਸਿੰਘ ਬਾਦਲ ਵਲੋਂ ਚਿੱਠੀ ਦੇ ਕੇ, ਸਾਰੇ ਦੋਸ਼ ਕਬੂਲ ਕਰਨਾ ਵੱਡਪਣ ਨਹੀਂ, ਬਲਕਿ ਇਹ ਬਾਗ਼ੀ ਅਕਾਲੀਆਂ ਨਾਲ ਮਿਲ ਕੇ, ਇਕ ਨਵੀਂ ਬਾਦਲੀ ਚਾਲ ਹੋ ਸਕਦੀ ਹੈ ਤਾਂ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਿੱਖਾਂ ਦੀਆਂ ਵੋਟਾਂ ਬਟੋਰੀਆਂ ਜਾ ਸਕਣ।
ਭੂਟਾਨੀ ਨੇ ਕਿਹਾ, “ਅਕਾਲ ਤਖ਼ਤ ਸਾਹਿਬ ਨੂੰ ਪੰਥ ਦੇ ਹਿਤ ਵਿਚ ਫ਼ੈਸਲਾ ਲੈਂਦੇ ਹੋਏ ਸੁਖਬੀਰ ਸਿੰਘ ਬਾਦਲ ਤੇ ਹੋਰ ਦੋਸ਼ੀ ਅਕਾਲੀਆਂ ਨੂੰ ਅਹੁਦਿਆਂ ਤੋਂ ਹੱਟਾ ਕੇ, ਇਨ੍ਹਾਂ ‘ਤੇ 5 ਤੋਂ 10 ਸਾਲ ਤੱਕ ਹਰ ਤਰ੍ਹਾਂ ਦੀਆਂ ਚੋਣਾਂ ਲੜਨ ‘ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਜੇ ਅਕਾਲ ਤਖ਼ਤ ਤੋਂ ਮਾਮੂਲੀ ਸਜ਼ਾ ਲਾ ਕੇ, ਸੁਖਬੀਰ ਬਾਦਲ ਤੇ ਦੂਜਿਆਂ ਨੂੰ ਛੱਡਿਆ ਜਾਂਦਾ ਹੈ ਤਾਂ ਸਿੱਖਾਂ ਵਿਚ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦਾ ਸਤਿਕਾਰ ਹੋਰ ਘੱਟ ਕੇ ਰਹਿ ਜਾਵੇਗਾ।
ਉਨ੍ਹਾਂ ਕਿਹਾ ਕਿ ਬਾਗ਼ੀ ਅਕਾਲੀਆਂ ਨੂੰ ਆਉਂਦੀਆਂ ਚੋਣਾਂ ਵਿਚ ਆਪਣੇ ਧੀਆਂ ਪੁੱਤਰਾਂ ਲਈ ਟਿਕਟਾਂ ਦੀ ਫ਼ਿਕਰ ਸਤਾ ਰਹੀ ਹੈ। ਜਦ ਬਾਦਲਾਂ ਦੇ ਪੱਲੇ ਪੰਜਾਬ ਵਿਚ ਕੱਖ ਨਹੀਂ ਰਹਿ ਗਿਆ ਤਾਂ ਬਾਗ਼ੀ ਅਕਾਲੀ ਬਾਦਲਾਂ ਵਾਂਗ ‘ਪੰਥਕ’ ਪੱਤਾ ਖੇਡ ਕੇ, ਪੰਥ ਨੂੰ ਗੁਮਰਾਹ ਕਰ ਕੇ, ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ, ਸੁਰਖਰੂ ਹੋਣ ਦੀ ਕੋਝੀ ਖ਼ੇਡ ਖ਼ੇਡ ਰਹੇ ਹਨ। ਅਸਲ ‘ਚ ਪੰਥ ਦੇ ਹਿਤ ਵਿਚ ਇਨ੍ਹਾਂ ਕੋਲ ਨਾ ਕੋਈ ਏਜੰਡਾ ਹੈ ਨਾ ਕੋਈ ਕੁਰਬਾਨੀ।