
ਕਿਡਨੈਪਰ ਨੂੰ ਗੱਡੀ ਸਮੇਤ ਕੀਤਾ ਗਿਆ ਗ੍ਰਿਫਤਾਰ
Shimla School news : ਸ਼ਿਮਲਾ ਦੇ ਬਿਸ਼ਪ ਕਾਟਨ ਸਕੂਲ ਦੇ ਲਾਪਤਾ ਹੋਏ ਤਿੰਨੋਂ ਵਿਦਿਆਰਥੀਆਂ ਨੂੰ ਸ਼ਿਮਲਾ ਪੁਲਿਸ ਨੇ ਭਾਲ ਲਿਆ ਹੈ। ਇਹ ਤਿੰਨੋਂ ਵਿਦਿਆਰਥੀ ਸ਼ਿਮਲਾ ਦੇ ਕੋਟਖਾਈ ਦੇ ਚੈਥਲਾ ’ਚੋਂ ਮਿਲੇ ਅਤੇ ਇਥੋਂ ਪੁਲਿਸ ਨੇ ਇਕ ਕਿਡਨੈਪਰ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਵਿਦਿਆਰਥੀਆਂ ਨੂੰ ਫਿਰੌਤੀ ਲਈ ਕਿਡਨੈਪ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਹ ਤਿੰਨੋਂ ਵਿਦਿਆਰਥੀ ਛੇਵੀਂ ਜਮਾਤ ਦੇ ਹਨ ਅਤੇ ਇਨ੍ਹਾਂ ਦੇ ਨਾਮ ਅੰਗਦ, ਹਿਤੇਂਦਰ ਅਤੇ ਵਿਦਾਂਸ਼ ਹਨ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਤਿੰਨੋਂ ਵਿਦਿਆਰਥੀ ਰੱਖੜੀ ਵਾਲੇ ਦਿਨ ਗੇਟ ਪਾਸ ਲੈ ਕੇ ਮਾਲ ਰੋਡ ਗਏ ਸਨ।
ਆਊਟਿੰਗ ਗੇਟ ਪਾਸ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਵਿਦਿਆਰਥੀ ਵਾਪਸ ਨਹੀਂ ਪਰਤੇ। ਜਿਸ ਤੋਂ ਬਾਅਦ ਸਕੂਲ ਵਿੱਚ ਹੰਗਾਮਾ ਖੜ੍ਹਾ ਹੋ ਗਿਆ। ਪਹਿਲਾਂ ਸਕੂਲ ਮੈਨੇਜਮੈਂਟ ਵੱਲੋਂ ਆਪਣੇ ਪੱਧਰ ’ਤੇ ਵਿਦਿਆਰਥੀਆਂ ਦੀ ਭਾਲ ਕੀਤੀ ਗਈ, ਪਰ ਜਦੋਂ ਕੋਈ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਨਿਊ ਸ਼ਿਮਲਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ।
ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਵਿਦਿਆਰਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਸੀਸੀਟੀਵੀ ਫੁਟੇਜ ਸਕੈਨ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਬੱਚਿਆ ਨੂੰ ਲੱਭਣ ਲਈ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੇ ਦਿੱਲੀ ਅਤੇ ਹਰਿਆਣਾ ਦੀ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ।