
ਸਿੰਧੂ ਜਲ ਸਮਝੌਤਾ ਰੱਦ ਹੋਣ ਤੋਂ ਬਾਅਦ ਪਾਕਿ ਨੇ ਭਾਰਤ ਲਈ ਹਵਾਈ ਖੇਤਰ ਕੀਤਾ ਸੀ ਬੰਦ
ਨਵੀਂ ਦਿੱਲੀ : ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਕਰਕੇ ਪਾਕਿਸਤਾਨ ਨੂੰ ਦੋ ਮਹੀਨਿਆਂ ਵਿੱਚ 127 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਬੀਤੀ 23 ਅਪ੍ਰੈਲ ਨੂੰ ਭਾਰਤ ਵੱਲੋਂ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ।
ਪਾਕਿਸਤਾਨ ਦੇ ਰੱਖਿਆ ਮੰਤਰਾਲੇ ਨੇ ਸੰਸਦ ਨੂੰ ਦੱਸਿਆ ਕਿ ਰੋਜ਼ਾਨਾ ਲਗਭਗ 100 ਤੋਂ 150 ਭਾਰਤੀ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਦੇ ਚਲਦਿਆਂ 24 ਅਪ੍ਰੈਲ ਤੋਂ 30 ਜੂਨ ਦੇ ਵਿਚਕਾਰ ਪਾਕਿਸਤਾਨ ਨੂੰ 4.10 ਅਰਬ ਪਾਕਿਸਤਾਨੀ ਰੁਪਏ (ਲਗਭਗ 127 ਕਰੋੜ ਭਾਰਤੀ ਰੁਪਏ) ਦਾ ਨੁਕਸਾਨ ਹੋਇਆ।
ਪਾਕਿਸਤਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ 2019 ’ਚ ਇਸੇ ਤਰ੍ਹਾਂ ਦੀ ਪਾਬੰਦੀ ਕਾਰਨ ਪਾਕਿਸਤਾਨ ਨੂੰ ਲਗਭਗ 451 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਦੇ ਨਾਲ ਹੀ, ਪਾਕਿਸਤਾਨ ਦੀ ਪਾਬੰਦੀ ਦੇ ਜਵਾਬ ਵਿੱਚ, ਭਾਰਤ ਨੇ ਵੀ ਪਾਕਿਸਤਾਨੀ ਜਹਾਜ਼ਾਂ ਨੂੰ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ।
ਪਾਕਿਸਤਾਨੀ ਰੱਖਿਆ ਮੰਤਰਾਲੇ ਅਨੁਸਾਰ ਨੁਕਸਾਨ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਏਅਰਪੋਰਟਸ ਅਥਾਰਟੀ ਦੀ ਕੁੱਲ ਕਮਾਈ ’ਚ ਵਾਧਾ ਹੋਇਆ ਹੈ। 2019 ’ਚ ਰੋਜ਼ਾਨਾ ਔਸਤ ਓਵਰਫਲਾਈਟਸ ਤੋਂ ਹੋਣ ਵਾਲੀ ਕਮਾਈ 4.24 ਕਰੋੜ ਰੁਪਏ ਸੀ, ਜੋ 2025 ’ਚ ਵਧ ਕੇ 6.35 ਕਰੋੜ ਹੋ ਗਈ।
ਪਾਕਿਸਤਾਨੀ ਏਅਰਸਪੇਸ ਬੰਦ ਹੋਣ ਤੋਂ ਬਾਅਦ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਭਾਰਤੀ ਏਅਰਲਾਈਨਾਂ ਨੂੰ ਹਰ ਮਹੀਨੇ ਲਗਭਗ 306 ਕਰੋੜ ਤੋਂ ਜ਼ਿਆਦਾ ਵਾਧੂ ਖਰਚ ਕਰਨਾ ਪੈ ਸਕਦਾ ਹੈ। ਜੋ ਕਿ ਹਰ ਮਹੀਨੇ ਦਾ ਲਗਭਗ 306 ਕਰੋੜ ਰੁਪਏ ਬਣਦਾ ਹੈ। ਉਧਰ ਏਅਰ ਇੰਡੀਆ ਨੇ ਅੰਦਾਜ਼ਾ ਲਗਾਇਆ ਸੀ ਕਿ ਜੇਕਰ ਇਕ ਸਾਲ ਤੱਕ ਪਾਕਿਸਤਾਨੀ ਏਅਰਸਪੇਸ ਬੰਦ ਰਿਹਾ ਤਾਂ ਉਸ ਨੂੰ 600 ਮਿਲੀਅਨ ਡਾਲਰ ਯਾਨੀ ਲਗਭਗ 5081 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਏਅਰਸਪੇਸ ਬੰਦ ਹੋਣ ਤੋਂ ਬਾਅਦ 30 ਅਪੈ੍ਰਲ ਨੂੰ ਰਿਪੋਰਟ ਇਹ ਦਾਅਵਾ ਕੀਤਾ ਗਿਆ ਸੀ।