
ਮੈਨੂੰ ਉਮੀਦ ਹੈ ਕਿ ਤੁਹਾਡੀ ਹਿੰਦੁਸਤਾਨ ਫੇਰੀ ਦੌਰਾਨ ਜਦੋਂ ਤੁਸੀਂ ਵਪਾਰਕ ਸੌਦਿਆਂ ਨੂੰ ਅੰਤਿਮ ਰੂਪ ਦੇਣਾ ਚਾਹੋਗੇ, ਤਾਂ ਤੁਸੀਂ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰੋਗੇ
ਨਵੀਂ ਦਿੱਲੀ - ਜਗਤਾਰ ਸਿੰਘ ਜੱਗੀ ਜੌਹਲ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂ ਉਹ 2017 ਵਿਚ ਆਪਣੇ ਵਿਆਹ ਲਈ ਹਿੰਦੁਸਤਾਨ ਆਇਆ ਸੀ। ਪਿਛਲੇ 5 ਸਾਲਾਂ ਤੋਂ ਹਿੰਦੁਸਤਾਨ ਵਿਚ ਨਜ਼ਰਬੰਦ ਜੱਗੀ ਜੌਹਲ ਨੇ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਲਿਜ਼ ਟਰਸ ਨੂੰ ਭਾਵੁਕ ਪੱਤਰ ਲਿਖਿਆ ਹੈ। 35 ਸਾਲਾ ਜੌਹਲ ਨੇ ਦਿੱਲੀ ਦੀ ਅਦਾਲਤ ਵਿਚ ਆਪਣੇ ਵਕੀਲ ਨੂੰ ਹੱਥ ਲਿਖਤ ਪੱਤਰ ਸੌਂਪਿਆ।
ਪੱਤਰ ਵਿਚ ਸਭ ਤੋਂ ਪਹਿਲਾਂ ਜੌਹਲ ਨੇ ਲਿੱਜ਼ ਟਰੱਸ ਨੂੰ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਵਧਾਈ ਦਿੱਤੀ ਅਤੇ ਫਿਰ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਜਦੋਂ ਸਾਲਾਂ ਤੋਂ ਹਿੰਦੁਸਤਾਨੀ ਜੇਲ੍ਹਾਂ ਵਿਚ ਬੰਦ ਬ੍ਰਿਟੇਨ ਦੇ ਨਾਗਰਿਕਾਂ ਦੇ ਮੁੱਦੇ ਨੂੰ ਹੱਲ ਕਰਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਆਪਣੇ ਪੂਰਵਜਾਂ ਨਾਲੋਂ ਵਧੇਰੇ ਹਿੰਮਤ ਦਿਖਾਓਗੇ। ਜੌਹਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਨੂੰ ਇੱਕ ਲੇਖ ਮਿਲਿਆ ਜਿਸ ਵਿਚ ਵਿਦੇਸ਼ ਮੰਤਰੀ ਵਜੋਂ ਤੁਹਾਡੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਇੱਕ ਇਹ ਵੀ ਸੀ ਕਿ ਈਰਾਨੀ ਜੇਲ੍ਹ ਵਿਚੋਂ ਦੋ ਬ੍ਰਿਟੇਨ ਦੇ ਨਾਗਰਿਕਾਂ ਦੀ ਰਿਹਾਈ।
ਜੌਹਲ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਹਾਡੀ ਹਿੰਦੁਸਤਾਨ ਫੇਰੀ ਦੌਰਾਨ ਜਦੋਂ ਤੁਸੀਂ ਵਪਾਰਕ ਸੌਦਿਆਂ ਨੂੰ ਅੰਤਿਮ ਰੂਪ ਦੇਣਾ ਚਾਹੋਗੇ, ਤਾਂ ਤੁਸੀਂ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰੋਗੇ ਕਿ ਯੂਕੇ ਦੇ ਦੋ ਨਾਗਰਿਕਾਂ (ਮੈਂ ਅਤੇ ਕ੍ਰਿਸਚੀਅਨ ਮਿਸ਼ੇਲ) ਨੂੰ ਤਿਹਾੜ ਜੇਲ੍ਹ ਵਿੱਚ ਵੱਖਰੇ ਪਰ ਬਹੁਤ ਜ਼ਿਆਦਾ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਕੇਸਾਂ ਵਿਚ ਰੱਖਿਆ ਗਿਆ ਹੈ। ਜੌਹਲ ਨੇ ਅਪਣੇ ਬਾਰੇ ਪੱਤਰ ਵਿਚ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਹਿੰਦੁਸਤਾਨ ਨਾਲ ਵਧੇ ਹੋਏ ਵਪਾਰ ਦੇ ਬਦਲੇ ਮੇਰੀ ਆਜ਼ਾਦੀ ਦਾ ਵੀ ਵਪਾਰ ਨਹੀਂ ਕੀਤਾ ਜਾਵੇਗਾ ਅਤੇ ਮੇਰੀ ਰਿਹਾਈ ਲਈ ਵੀ ਕੋਈ ਸਖ਼ਤ ਕਦਮ ਚੁੱਕਿਆ ਜਾਵੇਗਾ।