
ਮਾਲ ਗੱਡੀ ਇਨ੍ਹਾਂ ਸੀਮੈਂਟ ‘ਬਲਾਕਾਂ’ ਨਾਲ ਟਕਰਾ ਗਈ।
Attempt train Derail : ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ’ਚ ਵੈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ ’ਤੇ ਸੀਮੈਂਟ ਦੇ ‘ਬਲਾਕ’ ਲਗਾ ਕੇ ਇਕ ਮਾਲ ਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਨੇ ਦਸਿਆ ਕਿ ਮਾਲ ਗੱਡੀ ਇਨ੍ਹਾਂ ਸੀਮੈਂਟ ‘ਬਲਾਕਾਂ’ ਨਾਲ ਟਕਰਾ ਗਈ। ਹਾਲਾਂਕਿ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ। ਉੱਤਰ ਰੇਲਵੇ ਦੇ ਇਕ ਅਧਿਾਕਰੀ ਨੇ ਕਿਹਾ, ‘‘ਕੁੱਝ ਸ਼ਰਾਰਤੀ ਅਨਸਰਾਂ ਨੇ ਐਤਵਾਰ ਨੂੰ ਵੈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ ਵਿਚ ਟਰੈਕ ’ਤੇ ਸੀਮੈਂਟ ਦੇ ਦੋ ਬਲਾਕ ਰੱਖੇ ਅਤੇ ਇਕ ਮਾਲ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਪਰ ਕੁੱਝ ਵੀ ਅਣਸੁਖਾਵਾਂ ਨਹੀਂ ਹੋਇਆ।’’
ਇਹ ਘਟਨਾ ਫੁਲੇਰਾ-ਅਹਿਮਦਾਬਾਦ ਟਰੈਕ ’ਤੇ ਸਰਧਨਾ ਅਤੇ ਬੰਗੜ ਸਟੇਸ਼ਨਾਂ ਦੇ ਵਿਚਕਾਰ ਵਾਪਰੀ। ਫਰੇਟ ਕੋਰੀਡੋਰ ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੋਰੀਡੋਰ ਕੰਪਨੀ ਡੀ.ਐਫ.ਸੀ.ਸੀ. ਦੇ ਡਿਪਟੀ ਜਨਰਲ ਮੈਨੇਜਰ (ਸੁਰੱਖਿਆ) ਚਿਤਰੇਸ਼ ਜੋਸ਼ੀ ਨੇ ਕਿਹਾ, ‘‘ਇਹ ਘਟਨਾ ਐਤਵਾਰ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਰੇਲ ਗੱਡੀ ਸੀਮੈਂਟ ਬਲਾਕ ਨਾਲ ਟਕਰਾ ਗਈ। ਰੇਲ ਗੱਡੀ ਦੇ ਗਾਰਡ ਨੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ.) ਦੇ ਨਾਲ ਅਧਿਕਾਰੀਆਂ ਦੀ ਇਕ ਟੀਮ ਮੌਕੇ ’ਤੇ ਪਹੁੰਚੀ ਅਤੇ ਸੀਮੈਂਟ ਦੇ ‘ਬਲਾਕ’ ਮਿਲੇ।’’
ਉਨ੍ਹਾਂ ਦਸਿਆ ਕਿ ਇਸ ਘਟਨਾ ਕਾਰਨ ਰੇਲ ਗੱਡੀਆਂ ਦੀ ਆਵਾਜਾਈ ’ਚ ਕੋਈ ਰੁਕਾਵਟ ਨਹੀਂ ਆਈ। ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪਛਮੀ ਲਾਂਘੇ ’ਚ ਅਜਿਹੀ ਇਹ ਪਹਿਲੀ ਘਟਨਾ ਹੈ। ਇਹ ਘਟਨਾ ਕਾਨਪੁਰ ’ਚ ਭਿਵਾਨੀ-ਪ੍ਰਯਾਗਰਾਜ ਕਾਲਿੰਦੀ ਐਕਸਪ੍ਰੈਸ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਤੋਂ ਇਕ ਦਿਨ ਬਾਅਦ ਵਾਪਰੀ ਹੈ। ਕੁੱਝ ਦਿਨ ਪਹਿਲਾਂ ਰਾਜਸਥਾਨ ਦੇ ਪਾਲੀ ਜ਼ਿਲ੍ਹੇ ’ਚ ਅਹਿਮਦਾਬਾਦ-ਜੋਧਪੁਰ ਵੰਦੇ ਇੰਡੀਆ ਐਕਸਪ੍ਰੈਸ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਸੀ।