'ਆਪ' ' ਹਰਿਆਣਾ ਦੀਆਂ ਸਾਰੀਆਂ 90 ਸੀਟਾਂ 'ਤੇ ਪੂਰੀ ਤਾਕਤ ਨਾਲ ਚੋਣਾਂ ਲੜੇਗੀ : ਸੰਸਦ ਮੈਂਬਰ ਸੰਜੇ ਸਿੰਘ
Haryana Assembly Elections 2024 : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਬਿਨਾਂ ਕਿਸੇ ਗਠਜੋੜ ਦੇ 29 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਆਮ ਆਦਮੀ ਪਾਰਟੀ ਵਿੱਚ ਭਾਜਪਾ ਅਤੇ ਕਾਂਗਰਸ ਦੇ ਆਗੂਆਂ ਦੇ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ।
ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਹਰਿਆਣਾ ਦੇ ਪ੍ਰਦੇਸ਼ ਪ੍ਰਧਾਨ ਸੁਸ਼ੀਲ ਗੁਪਤਾ ਦੀ ਮੌਜੂਦਗੀ 'ਚ ਭਾਜਪਾ ਨੇਤਾ ਸਤੀਸ਼ ਯਾਦਵ ਆਪਣੀ ਕੌਂਸਲਰ ਪਤਨੀ ਸਮੇਤ 'ਆਪ' 'ਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਭਾਜਪਾ ਚੋਣ ਪ੍ਰਬੰਧਨ ਕਮੇਟੀ ਦੇ ਮੈਂਬਰ ਅਤੇ ਅਭਿਨੇਤਾ ਰਾਜਕੁਮਾਰ ਰਾਓ ਦੇ ਜੀਜਾ ਸੁਨੀਲ ਰਾਓ ਆਪਣੇ ਸਮਰਥਕਾਂ ਸਮੇਤ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਹਨ।
ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਐਲਾਨ ਕਰ ਚੁੱਕੀ ਹੈ ਕਿ ਉਹ ਹਰਿਆਣਾ ਦੀਆਂ ਸਾਰੀਆਂ 90 ਸੀਟਾਂ 'ਤੇ ਪੂਰੀ ਤਾਕਤ ਨਾਲ ਚੋਣਾਂ ਲੜੇਗੀ। ਇਸੇ ਲੜੀ ਤਹਿਤ ਸੋਮਵਾਰ ਨੂੰ 20 ਅਤੇ ਮੰਗਲਵਾਰ ਨੂੰ 9 ਸੀਟਾਂ ਦਾ ਐਲਾਨ ਕੀਤਾ ਗਿਆ ਸੀ। ਹੋਰ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਇਸ ਵਾਰ ਆਮ ਆਦਮੀ ਪਾਰਟੀ ਹਰਿਆਣਾ ਦੀ ਹਰ ਸੀਟ 'ਤੇ ਆਪਣੀ ਪੂਰੀ ਤਾਕਤ ਲਾਵੇਗੀ ਅਤੇ ਜਿੱਤਣ ਦੀ ਕੋਸ਼ਿਸ਼ ਕਰੇਗੀ।
ਅਰਵਿੰਦ ਕੇਜਰੀਵਾਲ ਦੀਆਂ 5 ਗ੍ਰੰਟੀਆਂ , ਜਿਸ 'ਚ ਮੁਫਤ ਸਿੱਖਿਆ, ਮੁਫਤ ਇਲਾਜ, ਨੌਜਵਾਨਾਂ ਨੂੰ ਰੁਜ਼ਗਾਰ ਅਤੇ ਮੁਫਤ ਬਿਜਲੀ-ਪਾਣੀ ਸਮੇਤ ਪੰਜ ਗਾਰੰਟੀਆਂ ਦਾ ਸੁਪਨਾ, ਜੋ ਦਿੱਲੀ ਵਿੱਚ ਪੂਰਾ ਕਰਕੇ ਦਿਖਾਇਆ ,ਉਹ ਹਰਿਆਣਾ ਵਿੱਚ ਵੀ ਪੂਰਾ ਕਰਕੇ ਦਿਖਾਉਣਾ ਹੈ। ਭਾਜਪਾ ਦਾ ਜੋ 10 ਸਾਲ ਦਾ ਕੁਸ਼ਾਸਨ ਹੈ, ਜਿਸ ਵਿੱਚ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ, ਨੌਜਵਾਨਾਂ ਨੂੰ ਅਗਨੀਵੀਰ ਦੀ ਅੱਗ ਵਿੱਚ ਸੁੱਟਿਆ ਗਿਆ, ਹਰਿਆਣਾ ਨੂੰ ਬੇਰੁਜ਼ਗਾਰੀ ਦੀ ਦਲਦਲ ਵਿੱਚ ਸੁੱਟ ਦਿੱਤਾ ਗਿਆ, ਅਸੀਂ ਇਨ੍ਹਾਂ ਸਾਰੇ ਮੁੱਦਿਆਂ ਨੂੰ ਸਾਹਮਣੇ ਲਿਆ ਕੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਕੰਮ ਕਰਾਂਗੇ।
ਸਤੀਸ਼ ਯਾਦਵ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ
'ਆਪ' 'ਚ ਸ਼ਾਮਲ ਹੋਣ ਤੋਂ ਬਾਅਦ ਸਤੀਸ਼ ਯਾਦਵ ਨੇ ਕਿਹਾ ਕਿ ਮੇਰੇ ਵਿਚਾਰ ਆਮ ਆਦਮੀ ਪਾਰਟੀ ਨਾਲ ਮੇਲ ਖਾਂਦੇ ਹਨ, ਇਸੇ ਲਈ ਅੱਜ ਮੈਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਇਆ ਹਾਂ। ਪਾਰਟੀ ਵਿੱਚ ਰਹਿ ਕੇ ਮੈਂ ਰਿਵਾੜੀ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗਾ ਅਤੇ ਪਾਰਟੀ ਮੈਨੂੰ ਜੋ ਵੀ ਜ਼ਿੰਮੇਵਾਰੀ ਸੌਂਪੇਗੀ, ਮੈਂ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਪੂਰੇ ਹਰਿਆਣਾ ਵਿੱਚ ਛਾਏਗੀ ਅਤੇ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ।
ਸੰਜੇ ਸਿੰਘ ਨੇ ਜੁਆਇਨਿੰਗ ਦੌਰਾਨ ਦੱਸਿਆ ਕਿ ਸੁਨੀਲ ਰਾਓ ਫਿਲਮ ਐਕਟਰ ਰਾਜਕੁਮਾਰ ਰਾਓ ਦੇ ਜੀਜਾ ਹਨ। ਇਸ ਮੌਕੇ ਸੁਨੀਲ ਰਾਓ ਨੇ ਕਿਹਾ ਕਿ ਉਹ 2014 'ਚ ਭਾਜਪਾ ਤੋਂ ਰੇਵਾੜੀ ਦੇ ਜ਼ਿਲ੍ਹਾ ਮੀਤ ਪ੍ਰਧਾਨ, ਰਾਸ਼ਟਰੀ ਕਾਰਜਕਾਰਨੀ 'ਚ ਕਿਸਾਨ ਮੋਰਚਾ ਦੇ ਕੌਮੀ ਕਾਰਜਕਾਰਨੀ ਮੈਂਬਰ ਰਹਿਣ ਤੋਂ ਬਾਅਦ ਸੂਬਾ ਕਨਵੀਨਰ ਰਹੇ ਪਰ ਲੜਾਈ ਵਿਚਾਰਧਾਰਾ ਦੀ ਹੈ, ਮੇਰੀ ਲੜਾਈ ਪੂਰੇ ਹਰਿਆਣਾ ਸਮੇਤ ਪੂਰੇ ਅਹੀਰਵਾਲ ਨੂੰ ਬਚਾਉਣ ਦੀ ਹੈ। ਇਸ ਵਾਰ ਅਹੀਰਵਾਲ ਵਿੱਚ ਭਾਜਪਾ ਦਾ ਇੱਕ ਵੀ ਉਮੀਦਵਾਰ ਨਹੀਂ ਜਿੱਤ ਰਿਹਾ।
ਰੇਵਾੜੀ ਵਿਧਾਨ ਸਭਾ ਤੋਂ ਦੋ ਵਾਰ ਲੜ ਚੁੱਕੇ ਹਨ ਚੋਣ
ਇਸ ਦੇ ਨਾਲ ਹੀ ਹਰਿਆਣਾ ਪ੍ਰਦੇਸ਼ ਪ੍ਰਧਾਨ ਸੁਸ਼ੀਲ ਗੁਪਤਾ ਨੇ ਕਿਹਾ ਕਿ ਸਤੀਸ਼ ਯਾਦਵ ਰੇਵਾੜੀ ਦੇ ਬਹੁਤ ਮਜ਼ਬੂਤ ਨੇਤਾ ਹਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਰਹਿ ਚੁੱਕੇ ਹਨ। ਸਤੀਸ਼ ਯਾਦਵ ਦੋ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ, ਇਸ ਵਾਰ ਉਹ ਪੂਰੀ ਤਾਕਤ ਨਾਲ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਅੱਜ ਰੇਵਾੜੀ ਵਿੱਚ ਹਜ਼ਾਰਾਂ ਸਾਥੀਆਂ ਨੇ ਇਕੱਠੇ ਹੋ ਕੇ ਅਰਵਿੰਦ ਕੇਜਰੀਵਾਲ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
5 ਅਕਤੂਬਰ ਨੂੰ ਵੋਟਾਂ ਪੈਣਗੀਆਂ, 8 ਨੂੰ ਨਤੀਜੇ ਆਉਣਗੇ
ਆਮ ਆਦਮੀ ਪਾਰਟੀ ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਾਰ ਹਰਿਆਣਾ ਦੇ ਲੋਕ ਇਸ ਤਾਨਾਸ਼ਾਹੀ ਭਾਜਪਾ ਸਰਕਾਰ ਨੂੰ ਉਖਾੜ ਸੁੱਟਣ ਲਈ ਤਿਆਰ ਹਨ। ਆਮ ਆਦਮੀ ਪਾਰਟੀ ਸਾਰੀਆਂ 90 ਸੀਟਾਂ 'ਤੇ ਜ਼ੋਰਦਾਰ ਢੰਗ ਨਾਲ ਚੋਣ ਲੜੇਗੀ। ਹਰਿਆਣਾ ਵਿੱਚ ਆਮ ਆਦਮੀ ਪਾਰਟੀ ਪੂਰੇ ਬਹੁਮਤ ਨਾਲ ਸਰਕਾਰ ਬਣਾਏਗੀ।