ਕਿਹਾ ਕਿ ਆਟੋਮੋਟਿਵ ਉਦਯੋਗ ਆਰਥਕ ਵਿਕਾਸ ਨੂੰ ਹੋਰ ਅੱਗੇ ਵਧਾਏਗਾ
PM Modi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਟੋਮੋਟਿਵ ਉਦਯੋਗ ਦੇ ਨੁਮਾਇੰਦਿਆਂ ਨੂੰ ਭਾਰਤ ’ਚ ਵਿਸ਼ਵ ਵਿਆਪੀ ਸਰਵੋਤਮ ਅਭਿਆਸਾਂ ਅਤੇ ਹਰਿਆਲੀ ਅਤੇ ਸਵੱਛ ਆਵਾਜਾਈ ਦੀ ਦਿਸ਼ਾ ’ਚ ਕੰਮ ਕਰਨ ਦਾ ਸੱਦਾ ਦਿਤਾ।
ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਦੇ ਸਾਲਾਨਾ ਸੰਮੇਲਨ ਨੂੰ ਲਿਖਤੀ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਆਟੋਮੋਟਿਵ ਉਦਯੋਗ ਆਰਥਕ ਵਿਕਾਸ ਨੂੰ ਹੋਰ ਅੱਗੇ ਵਧਾਏਗਾ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਜਿਵੇਂ ਕਿ ਅਸੀਂ 2047 ਤਕ ਵਿਕਸਤ ਭਾਰਤ ਦੇ ਅਪਣੇ ਸਮੂਹਕ ਟੀਚੇ ਵਲ ਵਧ ਰਹੇ ਹਾਂ, ਮੈਨੂੰ ਵਿਸ਼ਵਾਸ ਹੈ ਕਿ ਸਿਆਮ ਵਰਗੇ ਸੰਗਠਨ ਸਾਰੇ ਹਿੱਸੇਦਾਰਾਂ ਨੂੰ ਇਕੱਠੇ ਕਰਨਾ ਜਾਰੀ ਰਖਣਗੇ ਅਤੇ ਇਸ ਮਿਸ਼ਨ ਦੀ ਗਤੀ ਨੂੰ ਦੁੱਗਣਾ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖ ਦੀ ਮੰਗ ਹੈ ਕਿ ਦੇਸ਼ ਦੀ ਤਰੱਕੀ ਤੇਜ਼ ਹੋਣ ਦੇ ਨਾਲ-ਨਾਲ ਟਿਕਾਊ ਵੀ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ, ‘‘ਹਰਿਤ ਅਤੇ ਸਵੱਛ ਆਵਾਜਾਈ ’ਤੇ ਕੰਮ ਕਰਨਾ ਇਸ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੈ। ਇਹ ਮਹੱਤਵਪੂਰਨ ਹੈ ਕਿ ਜਲਵਾਯੂ ਪ੍ਰਤੀ ਚੇਤੰਨ ਅਤੇ ਟਿਕਾਊ ਪਹੁੰਚ ਘਰੇਲੂ ਅਤੇ ਕੌਮਾਂਤਰੀ ਖਿਡਾਰੀਆਂ ’ਚ ਅਪਣੀ ਜਗ੍ਹਾ ਲੱਭੇ।’’