
ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਪੁੱਛਗਿੱਛ ਦੌਰਾਨ ‘ਬਹਾਨੇ’ ਬਣਾ ਰਹੇ ਸਨ।
ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੀ ਰੱਦ ਕੀਤੀ ਗਈ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਸ਼ਰਾਬ ਕੰਪਨੀਆਂ ਦੇ ਦੋ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸ਼ਰਾਬ ਕੰਪਨੀ ਪਰਨੋਡ ਰਿਕਾਰਡ ਦੇ ਬਿਨੋਏ ਬਾਬੂ ਅਤੇ ਅਰਬਿੰਦੋ ਫਾਰਮਾ ਦੇ ਸ਼ਰਤ ਰੈੱਡੀ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਦੋਵੇਂ ਪੁੱਛਗਿੱਛ ਦੌਰਾਨ ‘ਬਹਾਨੇ’ ਬਣਾ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਅਧਿਕਾਰੀਆਂ ਨੂੰ ਦਿੱਲੀ ਦੀ ਪੀਐਮਐਲਏ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਜਿੱਥੇ ਇਨਫੋਰਸਮੈਂਟ ਡਾਇਰੈਕਟੋਰੇਟ ਉਨ੍ਹਾਂ ਦੀ ਹਿਰਾਸਤ ਦੀ ਮੰਗ ਕਰੇਗਾ। ਸੂਤਰਾਂ ਨੇ ਕਿਹਾ ਕਿ ਦੋਵੇਂ ਕਥਿਤ ਤੌਰ 'ਤੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਦਿੱਲੀ ਦੀ ਆਬਕਾਰੀ ਨੀਤੀ ਬਣਾਉਣ ਵਿਚ ਸ਼ਾਮਲ ਸਨ ਅਤੇ ਪੂਰੇ ਨੈਟਵਰਕ ਨੂੰ "ਸੰਗਠਿਤ" ਕਰਨ ਵਿਚ ਵੀ ਉਨ੍ਹਾਂ ਦੀ ਭੂਮਿਕਾ ਸੀ।
ਸੂਤਰਾਂ ਨੇ ਦੋਸ਼ ਲਾਇਆ ਕਿ ਈਡੀ ਨੇ ਪਹਿਲਾਂ ਛਾਪੇ ਦੌਰਾਨ ਇੱਕ ਕਰਮਚਾਰੀ ਦੇ ਅਹਾਤੇ ਤੋਂ ਆਬਕਾਰੀ ਨੀਤੀ ਦਾ ਖਰੜਾ ਬਰਾਮਦ ਕੀਤਾ ਸੀ ਅਤੇ ਪਾਇਆ ਸੀ ਕਿ ਨੀਤੀ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਇੱਕ ਫਰਮ ਦੁਆਰਾ ਪ੍ਰਚੂਨ ਸ਼ਰਾਬ ਕਾਰੋਬਾਰ ਵਿਚ 200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਮਾਮਲੇ ਵਿੱਚ ਹੁਣ ਤੱਕ ਕਈ ਛਾਪੇ ਮਾਰੇ ਹਨ। ਏਜੰਸੀ ਨੇ ਸਤੰਬਰ ਵਿਚ ਸ਼ਰਾਬ ਬਣਾਉਣ ਵਾਲੀ ਕੰਪਨੀ ਇੰਡੋਸਪੀਰੀਟ ਦੇ ਪ੍ਰਬੰਧ ਨਿਰਦੇਸ਼ਕ ਸਮੀਰ ਮਹਿੰਦਰੂ ਨੂੰ ਗ੍ਰਿਫ਼ਤਾਰ ਕੀਤਾ ਸੀ।
ਏਜੰਸੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਿੱਜੀ ਸਹਾਇਕ ਦੇ ਘਰ 'ਤੇ ਵੀ ਛਾਪਾ ਮਾਰਿਆ ਸੀ ਅਤੇ ਬਾਅਦ 'ਚ ਦਿੱਲੀ ਦਫ਼ਤਰ 'ਚ ਉਸ ਤੋਂ ਪੁੱਛਗਿੱਛ ਕੀਤੀ ਸੀ।