
ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਕੋਰਬਾ - ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਮਹਿਲਾ ਮਰੀਜ਼ ਨੂੰ ਡਾਕਟਰ ਨੇ ਕਥਿਤ ਤੌਰ ’ਤੇ ਥੱਪੜ ਮਾਰ ਦਿੱਤਾ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਡਾਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਜ਼ਿਲ੍ਹਾ ਹੈੱਡਕੁਆਰਟਰ ਸਥਿਤ ਮੈਡੀਕਲ ਕਾਲਜ ਹਸਪਤਾਲ ਵਿੱਚ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਮਰੀਜ਼ ਸੁਖਮਤੀ ਬਾਈ (56) ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਡਾਕਟਰ ਗਣੇਸ਼ ਕੰਵਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲੀ ਹੈ ਕਿ ਜ਼ਿਲ੍ਹੇ ਦੇ ਪਿੰਡ ਗਰਵਾਨੀ ਦੀ ਰਹਿਣ ਵਾਲੀ ਸੁਖਮਤੀ ਬਾਈ ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ ਅਚਾਨਕ ਬਿਮਾਰ ਹੋ ਗਈ। ਸੁਖਮਤੀ ਬਾਈ ਦੇ ਇਲਾਜ ਲਈ ਉਸ ਦਾ ਪਤੀ ਜਨਕ ਅਤੇ ਪੁੱਤਰ ਸ਼ਿਆਮ ਉਸ ਨੂੰ ਮੈਡੀਕਲ ਕਾਲਜ ਹਸਪਤਾਲ ਲੈ ਗਏ।
ਦੱਸਿਆ ਗਿਆ ਹੈ ਕਿ ਰਾਤ ਸਮੇਂ ਡਿਊਟੀ 'ਤੇ ਡਾਕਟਰ ਗਣੇਸ਼ ਕੰਵਰ ਮੌਜੂਦ ਸੀ ਅਤੇ ਮੁੱਢਲੀ ਸਹਾਇਤਾ ਦੌਰਾਨ ਕੰਵਰ ਨੇ ਦੱਸਿਆ ਕਿ ਮਰੀਜ਼ ਨੇ ਸ਼ਰਾਬ ਪੀਤੀ ਹੋਈ ਸੀ। ਇਸ ਤੋਂ ਬਾਅਦ ਡਾਕਟਰ ਕੰਵਰ ਨੇ ਮਰੀਜ਼ ਸੁਖਮਤੀ ਬਾਈ ਦੀ ਕਿਸੇ ਗੱਲ 'ਤੇ ਇੱਕ ਤੋਂ ਬਾਅਦ ਇੱਕ ਥੱਪੜ ਮਾਰਿਆ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੈਡੀਕਲ ਕਾਲਜ ਪ੍ਰਬੰਧਕਾਂ ਨੇ ਡਾਕਟਰ ਗਣੇਸ਼ ਕੰਵਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਔਰਤ ਸਟਰੈਚਰ 'ਤੇ ਪਈ ਹੈ ਅਤੇ ਇੱਕ ਵਿਅਕਤੀ ਉਸ ਨੂੰ ਥੱਪੜ ਮਾਰ ਰਿਹਾ ਹੈ। ਹਾਲਾਂਕਿ ਦੋਵਾਂ ਦਾ ਚਿਹਰਾ ਸਾਫ਼ ਦਿਖਾਈ ਨਹੀਂ ਦਿੰਦਾ। ਇਸ ਸੰਬੰਧੀ ਮੈਡੀਕਲ ਕਾਲਜ ਦੇ ਸੁਪਰਡੈਂਟ ਨੇ ਕਿਹਾ ਕਿ ਮਰੀਜ਼ ਨੂੰ ਥੱਪੜ ਮਾਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।