
ਸੂਚੀ ਜਾਰੀ ਕਰਦੇ ਹੋਏ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਭਾਜਪਾ ਨੇ 38 ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਹਨ
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 182 ਮੈਂਬਰੀ ਗੁਜਰਾਤ ਵਿਧਾਨ ਸਭਾ ਲਈ ਦੋ ਪੜਾਵਾਂ ਲਈ ਹੋਣ ਵਾਲੀਆਂ ਚੋਣਾਂ ਲਈ ਵੀਰਵਾਰ ਨੂੰ 160 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਉਨ੍ਹਾਂ ਦੇ ਹਲਕੇ ਘਾਟਲੋਧੀਆ ਤੋਂ ਉਮੀਦਵਾਰ ਬਣਾਇਆ ਗਿਆ ਹੈ ਅਤੇ ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਟੀਦਾਰ ਅੰਦੋਲਨ ਦਾ ਚਿਹਰਾ ਰਹੇ ਹਾਰਦਿਕ ਪਟੇਲ ਅਤੇ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਦਾ ਨਾਂ ਵੀ ਸੂਚੀ ਵਿਚ ਸ਼ਾਮਲ ਹੈ। ਹਾਰਦਿਕ ਪਟੇਲ ਬਾਅਦ ਵਿਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਹਾਰਦਿਕ ਪਟੇਲ ਵਿਰਮਗਾਮ ਤੋਂ ਅਤੇ ਰਿਵਾਬਾ ਜਡੇਜਾ ਜਾਮਨਗਰ ਉੱਤਰੀ ਤੋਂ ਚੋਣ ਲੜਨਗੇ।
ਸੂਚੀ ਜਾਰੀ ਕਰਦੇ ਹੋਏ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਭਾਜਪਾ ਨੇ 38 ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਆਦਾਤਰ ਸੀਟਾਂ 'ਤੇ ਮੌਜੂਦਾ ਵਿਧਾਇਕਾਂ ਦੀ ਸਹਿਮਤੀ ਨਾਲ ਹੀ ਹੋਰ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਪਾਰਟੀ ਨੇ 1 ਦਸੰਬਰ ਨੂੰ ਪਹਿਲੇ ਪੜਾਅ ਦੀਆਂ 89 ਸੀਟਾਂ ਲਈ 84 ਉਮੀਦਵਾਰਾਂ ਅਤੇ ਦੂਜੇ ਪੜਾਅ ਲਈ 5 ਦਸੰਬਰ ਨੂੰ 93 ਵਿਚੋਂ 76 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।
ਭਾਜਪਾ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਸੀਆਰ ਪਾਟਿਲ ਨੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਅਤੇ ਮਨਸੁੱਖ ਮਾਂਡਵੀਆ ਦੇ ਨਾਲ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਯਾਦਵ ਨੇ ਬੁੱਧਵਾਰ ਨੂੰ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ ਚੁਣੇ ਗਏ ਉਮੀਦਵਾਰਾਂ ਦੇ ਨਾਂ ਜਾਰੀ ਕੀਤੇ।
ਯਾਦਵ ਨੇ ਕਿਹਾ ਕਿ ਸੂਚੀ ਵਿਚ 69 ਮੌਜੂਦਾ ਵਿਧਾਇਕ ਸ਼ਾਮਲ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ ਕਈ ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਹਨ।
ਇਸ ਸੂਚੀ ਵਿਚ 14 ਔਰਤਾਂ ਅਨੁਸੂਚਿਤ ਜਾਤੀ ਦੀਆਂ, 13 ਅਨੁਸੂਚਿਤ ਜਨਜਾਤੀ ਦੀਆਂ ਕੁੱਲ 24 ਮਹਿਲਾਵਾਂ ਸ਼ਾਮਲ ਹਨ। ਯਾਦਵ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਨਿਤਿਨ ਪਟੇਲ ਸਮੇਤ ਸੂਬੇ ਦੇ ਕਈ ਸੀਨੀਅਰ ਨੇਤਾਵਾਂ ਨੇ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਸਬੰਧੀ ਪਾਰਟੀ ਲੀਡਰਸ਼ਿਪ ਨੂੰ ਪੱਤਰ ਵੀ ਲਿਖਿਆ ਹੈ।
ਪਾਟਿਲ ਨੇ ਭਰੋਸਾ ਜਤਾਇਆ ਕਿ ਭਾਜਪਾ ਇਨ੍ਹਾਂ ਚੋਣਾਂ ਵਿਚ ਸੀਟਾਂ ਦੀ ਗਿਣਤੀ ਅਤੇ ਵੋਟ ਪ੍ਰਤੀਸ਼ਤ ਦੇ ਆਪਣੇ ਪੁਰਾਣੇ ਰਿਕਾਰਡ ਨੂੰ ਤੋੜ ਦੇਵੇਗੀ।
ਉਮੀਦਵਾਰਾਂ ਦੇ ਨਾਂ ਤੈਅ ਕਰਨ ਲਈ ਹੋਈ ਮੀਟਿੰਗ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਰਾਜਨਾਥ ਸਿੰਘ ਸਮੇਤ ਕੇਂਦਰੀ ਚੋਣ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ। ਭਾਜਪਾ ਨੂੰ 1995 ਤੋਂ ਰਾਜ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ਦੀ ਉਮੀਦ ਹੈ।