
ਬੁੱਧਵਾਰ ਨੂੰ ਮੈਟਾ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਛਾਂਟੀ ਕੀਤੀ।
ਨਵੀਂ ਦਿੱਲੀ - ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੇ ਮੈਟਾ ਪਲੇਟਫਾਰਮਸ ਇੰਕ ਨੇ ਕੱਲ੍ਹ, ਬੁੱਧਵਾਰ ਨੂੰ 11,000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫ਼ੈਸਲਾ ਲਿਆ। ਹੁਣ ਇਸ ਨਾਲ ਜੁੜੀਆਂ ਵੱਖ-ਵੱਖ ਖ਼ਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਅੱਝ ਅਸੀਂ ਅਜਿਹੀ ਖ਼ਬਰ ਦੱਸਾਂਗੇ ਕਿ ਜਿਸ ਨੂੰ ਪੜ੍ਹ ਕੇ ਤੁਸੀਂ ਕਹੋਗੇ ਕਿ ਘੱਟੋ-ਘੱਟ ਅਜਿਹਾ ਨਹੀਂ ਹੋਣਾ ਚਾਹੀਦਾ ਸੀ।
11 ਹਜ਼ਾਰ ਤੋਂ ਵੱਧ ਕਰਮਚਾਰੀਆਂ ਨੂੰ ਇੱਕ ਝਟਕੇ ਵਿਚ ਛਾਂਟਣ ਵਾਲਿਆਂ ਵਿਚ ਹਿਮਾਂਸ਼ੂ ਦਾ ਨਾਮ ਵੀ ਸ਼ਾਮਲ ਹੈ। ਭਾਰਤ ਦੇ ਹਿਮਾਂਸ਼ੂ ਨੂੰ META ਵਿੱਚ ਸ਼ਾਮਲ ਹੋਣ ਦੇ ਸਿਰਫ਼ 2 ਦਿਨਾਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਹਿਮਾਂਸ਼ੂ ਨੇ ਆਪਣੀ ਲਿੰਕਡਇਨ ਪੋਸਟ ਰਾਹੀਂ ਆਪਣੀ ਕਹਾਣੀ ਬਿਆਨ ਕੀਤੀ। ਹਿਮਾਂਸ਼ੂ ਵੀ ਮੇਟਾ ਵਿਚ ਸ਼ਾਮਲ ਹੋਣ ਲਈ ਕੈਨੇਡਾ ਚਲਾ ਗਿਆ ਸੀ ਪਰ 2 ਦਿਨਾਂ ਦੇ ਅੰਦਰ ਉਸ ਨੂੰ ਕੰਪਨੀ ਤੋਂ ਕੱਢ ਦਿੱਤਾ ਗਿਆ।
ਆਪਣੀ ਪੋਸਟ ਵਿਚ, ਉਸ ਨੇ ਕਿਹਾ, “ਮੈਂ #Meta ਵਿਚ ਸ਼ਾਮਲ ਹੋਣ ਲਈ ਦੁਬਾਰਾ ਕਨੇਡਾ ਗਿਆ ਸੀ ਅਤੇ 2 ਦਿਨਾਂ ਬਾਅਦ ਮੇਟਾ ਨਾਲ ਮੇਰੀ ਯਾਤਰਾ ਖ਼ਤਮ ਹੋ ਗਈ। ਮੈਂ ਵੱਡੀ ਛਾਂਟੀ ਤੋਂ ਪ੍ਰਭਾਵਿਤ ਲੋਕਾਂ ਵਿਚੋਂ ਇੱਕ ਹਾਂ। ਇਸ ਸਮੇਂ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਹੇ ਸਾਰੇ ਲੋਕਾਂ ਲਈ ਮੇਰੀ ਸੰਵੇਦਨਾ ਹੈ। ਹਿਮਾਂਸ਼ੂ ਨੂੰ ਥੋੜ੍ਹੀ ਜਿਹੀ ਵੀ ਉਮੀਦ ਨਹੀਂ ਸੀ ਕਿ META ਵਿਚ ਸ਼ਾਮਲ ਹੋਣ ਦੇ ਕੁਝ ਦਿਨਾਂ ਵਿਚ ਉਸਨੂੰ ਬਰਖ਼ਾਸਤ ਕਰ ਦਿੱਤਾ ਜਾਵੇਗਾ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਅੱਗੇ ਕੀ ਕਰਨਾ ਹੈ। ਵਰਤਮਾਨ ਵਿਚ ਉਹ ਸਾਬਕਾ META ਕਰਮਚਾਰੀ ਕੈਨੇਡਾ ਜਾਂ ਭਾਰਤ ਵਿਚ ਆਪਣੀ ਅਗਲੀ ਨੌਕਰੀ ਲੱਭ ਰਿਹਾ ਹੈ।
ਹਿਮਾਂਸ਼ੂ ਨੇ ਕਿਹਾ, "ਇਮਾਨਦਾਰੀ ਨਾਲ, ਮੈਨੂੰ ਨਹੀਂ ਪਤਾ! ਅੱਗੇ ਜੋ ਵੀ ਹੁੰਦਾ ਹੈ, ਮੈਂ ਇਸ ਦੀ ਉਡੀਕ ਕਰ ਰਿਹਾ ਹਾਂ। ਮੈਨੂੰ ਦੱਸੋ ਜੇਕਰ ਤੁਸੀਂ ਕਿਸੇ ਸਾਫਟਵੇਅਰ ਇੰਜੀਨੀਅਰ (ਕੈਨੇਡਾ ਜਾਂ ਭਾਰਤ) ਲਈ ਕਿਸੇ ਅਹੁਦੇ ਜਾਂ ਭਰਤੀ ਬਾਰੇ ਜਾਣਦੇ ਹੋ।" ਹਿਮਾਂਸ਼ੂ ਦੀ ਲਿੰਕਡਇਨ ਪੋਸਟ ਦੇ ਅਨੁਸਾਰ, ਉਸ ਨੇ ਫਲਿੱਪਕਾਰਟ, ਗਿੱਟਹਬ ਅਤੇ ਅਡੋਬ ਵਰਗੇ ਬ੍ਰਾਂਡਾਂ ਨਾਲ ਕੰਮ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਮੈਟਾ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਛਾਂਟੀ ਕੀਤੀ। ਇਸ ਦੇ 11,000 ਤੋਂ ਵੱਧ ਕਰਮਚਾਰੀ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਛਾਂਟੀ 'ਤੇ ਇੱਕ ਵਿਸਤ੍ਰਿਤ ਬਿਆਨ ਜਾਰੀ ਕੀਤਾ, ਇਹ ਦੱਸਦੇ ਹੋਏ ਕਿ ਕੰਪਨੀ ਲਈ ਅੱਗੇ ਕੀ ਹੈ।