
ਵਿਸ਼ੇਸ਼ ਜੱਜ ਐਮ.ਕੇ. ਨਾਗਪਾਲ ਨੇ ਸੰਜੇ ਸਿੰਘ ਨੂੰ ਸੰਸਦ ਮੈਂਬਰ ਵਜੋਂ ਵਿਕਾਸ ਕਾਰਜਾਂ ਨਾਲ ਸਬੰਧਤ ਕੁਝ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਨ ਦੀ ਇਜਾਜ਼ਤ ਵੀ ਦਿਤੀ।
ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਸ਼ੁਕਰਵਾਰ ਨੂੰ ਦਿੱਲੀ ਸਰਕਾਰ ਦੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਕਾਲੇ ਧਨ ਨੂੰ ਚਿੱਟਾਂ ਕਰਨ ਦੇ ਮਾਮਲੇ (ਮਨੀ ਲਾਂਡਰਿੰਗ) ਵਿਚ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 24 ਨਵੰਬਰ ਤਕ ਵਧਾ ਦਿਤੀ ਹੈ।
ਵਿਸ਼ੇਸ਼ ਜੱਜ ਐਮ.ਕੇ. ਨਾਗਪਾਲ ਨੇ ਸੰਜੇ ਸਿੰਘ ਨੂੰ ਸੰਸਦ ਮੈਂਬਰ ਵਜੋਂ ਵਿਕਾਸ ਕਾਰਜਾਂ ਨਾਲ ਸਬੰਧਤ ਕੁਝ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਨ ਦੀ ਇਜਾਜ਼ਤ ਵੀ ਦਿਤੀ। ਜੱਜ ਨੇ ਸਬੰਧਤ ਅਧਿਕਾਰੀਆਂ ਨੂੰ ਉਸ (ਸਿੰਘ) ਨੂੰ ਪੰਜਾਬ ਦੀ ਇਕ ਅਦਾਲਤ ’ਚ ਪੇਸ਼ ਕਰਨ ਦੇ ਹੁਕਮ ਦਿਤੇ ਕਿਉਂਕਿ ਇਹ ਸੂਚਿਤ ਕਰਨ ਤੋਂ ਬਾਅਦ ਕਿ ਅੰਮ੍ਰਿਤਸਰ, ਪੰਜਾਬ ਦੀ ਇਕ ਅਦਾਲਤ ਤੋਂ ਇਕ ਕੇਸ ’ਚ ਪ੍ਰੋਡਕਸ਼ਨ ਵਾਰੰਟ ਪ੍ਰਾਪਤ ਹੋਇਆ ਹੈ।
ਏਜੰਸੀ ਨੇ ਸੰਜੇ ਸਿੰਘ ਨੂੰ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੋਸ਼ ਲਾਇਆ ਕਿ ਸੰਜੇ ਸਿੰਘ ਨੇ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ’ਚ ਮੁੱਖ ਭੂਮਿਕਾ ਨਿਭਾਈ ਸੀ, ਜਿਸ ਨਾਲ ਕੁਝ ਸ਼ਰਾਬ ਨਿਰਮਾਤਾਵਾਂ, ਥੋਕ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਫਾਇਦਾ ਹੋਇਆ ਸੀ। ਹਾਲਾਂਕਿ ਹੁਣ ਇਹ ਨੀਤੀ ਰੱਦ ਕਰ ਦਿਤੀ ਗਈ ਹੈ।