
ਹਰਿਆਣਾ ਦੇ ਹਿਸਾਰ 'ਚ ਇੱਕ ਸ਼ਰਮਸਾਰ ਘਟਨਾ ਸਾਹਮਣੇ ਆਈ ਹੈ। ਚੌਥੀ ਜਮਾਤ ਦੀ ਮਾਸੂਮ ਬੱਚੀ ਦਾ ਮੂੰਹ ਕਾਲਾ ਕਰਕੇ ਪੂਰੇ ਸਕੂਲ 'ਚ ਘੁਮਾਇਆ ਗਿਆ।
ਹਿਸਾਰ- ਹਰਿਆਣਾ ਦੇ ਹਿਸਾਰ 'ਚ ਇੱਕ ਸ਼ਰਮਸਾਰ ਘਟਨਾ ਸਾਹਮਣੇ ਆਈ ਹੈ। ਚੌਥੀ ਜਮਾਤ ਦੀ ਮਾਸੂਮ ਬੱਚੀ ਦਾ ਮੂੰਹ ਕਾਲਾ ਕਰਕੇ ਪੂਰੇ ਸਕੂਲ 'ਚ ਘੁਮਾਇਆ ਗਿਆ। ਬੱਚੀ ਦਾ ਦੋਸ਼ ਸਿਰਫ਼ ਇੰਨਾ ਸੀ ਕਿ ਅੰਗਰੇਜ਼ੀ ਦੇ ਟੈਸਟ 'ਚ ਉਸ ਦੇ ਘੱਟ ਨੰਬਰ ਆਏ ਸਨ। ਇਹ ਘਟਨਾ ਬਡਵਾਲੀ ਢਾਣੀ ਸਥਿਤ ਇੱਕ ਪ੍ਰਾਈਵੇਟ ਸਕੂਲ ਦੀ ਹੈ। ਬੱਚੀ ਦੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ।
ਜਾਣਕਾਰੀ ਮੁਤਾਬਕ ਸ਼ਹਿਰ ਦੀ ਇੱਕ ਕਾਲੋਨੀ ਵਾਸੀ 9 ਸਾਲਾ ਬੱਚੀ ਬੀਤੇ ਸ਼ੁੱਕਰਵਾਰ ਆਮ ਦਿਨਾਂ ਦੀ ਤਰ੍ਹਾਂ ਸਕੂਲ ਗਈ ਸੀ। ਅਧਿਆਪਕ ਵੱਲੋਂ ਅੰਗਰੇਜ਼ੀ ਅਤੇ ਈਵੀਐਸ ਵਿਸ਼ਿਆਂ ਦੇ ਟੈਸਟ ਲਏ ਗਏ। ਉਸ ਟੈਸਟ 'ਚ ਬੱਚੀ ਦੇ 10 'ਚੋਂ 7 ਨੰਬਰ ਆਏ ਸਨ, ਜਦਕਿ 8 ਨੰਬਰ ਲੈਣੇ ਜ਼ਰੂਰੀ ਸਨ। ਬੱਚੀ ਤੋਂ ਇਲਾਵਾ ਕਲਾਸ ਦੇ 5 ਹੋਰ ਬੱਚਿਆਂ ਦੇ ਨੰਬਰ ਵੀ ਘੱਟ ਸਨ। ਦੋਸ਼ ਇਹ ਹੈ ਕਿ ਨੰਬਰ ਘੱਟ ਆਉਣ 'ਤੇ ਅਧਿਆਪਕ ਨੇ ਇੱਕ ਕਾਲੇ ਰੰਗ ਦੇ ਸਕੈੱਚ ਪੈਨ ਨਾਲ ਉਨ੍ਹਾਂ ਦਾ ਮੂੰਹ ਕਾਲਾ ਕਰ ਦਿੱਤਾ।
ਇਸ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਸਕੂਲ ਦੀਆਂ ਸਾਰੀਆਂ ਕਲਾਸਾਂ 'ਚ ਲਿਜਾਇਆ ਗਿਆ। ਅਧਿਆਪਕ ਵੱਲੋਂ ਸਕੂਲ ਦੇ ਦੂਜੇ ਬੱਚਿਆਂ ਤੋਂ ਇਸ ਬੱਚੀ ਲਈ 'ਸ਼ੇਮ-ਸ਼ੇਮ' ਵੀ ਬੁਲਵਾਇਆ ਗਿਆ। ਬੱਚੀ ਨੇ ਘਰ ਆ ਕੇ ਆਪਣੀ ਦਾਦੀ ਅਤੇ ਮਾਂ ਨੂੰ ਇਸ ਘਟਨਾ ਬਾਰੇ ਦੱਸਿਆ। ਇਸ 'ਤੇ ਸ਼ਨਿੱਚਰਵਾਰ ਨੂੰ ਬੱਚੀ ਦੇ ਪਿਤਾ ਤੇ ਪਰਿਵਾਰ ਦੇ ਲੋਕ ਸਕੂਲ ਗਏ। ਪ੍ਰਿੰਸੀਪਲ ਅਤੇ ਅਧਿਆਪਕ ਨੇ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ।
ਅਗਲੇ ਦਿਨ ਐਤਵਾਰ ਨੂੰ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਪਰ ਕੋਈ ਕਾਰਵਾਈ ਨਾ ਹੋਈ। ਪਰਿਵਾਰ ਤੇ ਹੋਰ ਇਲਾਕਾ ਵਾਸੀਆਂ ਨੇ ਸੋਮਵਾਰ ਨੂੰ ਪੁਲਿਸ ਥਾਣੇ 'ਚ ਹੰਗਮਾ ਕੀਤਾ ਤਾਂ ਪੁਲਿਸ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ। ਇਸ ਤੋਂ ਬਾਅਦ ਪੁਲਿਸ ਨੇ ਬੱਚੀ ਅਤੇ ਮਾਪਿਆਂ ਦੇ ਬਿਆਨ ਦਰਜ ਕੀਤੇ। ਹਾਲਾਂਕਿ ਹੁਣ ਤਕ ਸਿਰਫ ਇੱਕ ਬੱਚੇ ਦੇ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ।