
ਸਕੀਮ ਤਹਿਤ ਕੇਂਦਰ ਹਰ ਸਾਲ ਕਿਸਾਨਾਂ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ 6,000 ਰੁਪਏ ਕਰਦਾ ਅਦਾ
ਨਵੀਂ ਦਿੱਲੀ: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿਚ ਕਿਹਾ ਕਿ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਯੋਜਨਾ ਦੇ ਤਹਿਤ ਲਾਭਪਾਤਰੀਆਂ ਦੀ ਗਿਣਤੀ ਵਧ ਕੇ 8.42 ਕਰੋੜ ਹੋ ਗਈ ਹੈ। ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਤਹਿਤ, ਕੇਂਦਰ ਹਰ ਸਾਲ ਕਿਸਾਨਾਂ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ 6,000 ਰੁਪਏ ਅਦਾ ਕਰਦਾ ਹੈ।
ਇਹ ਸਕੀਮ ਫਰਵਰੀ 2019 ਵਿੱਚ ਸ਼ੁਰੂ ਕੀਤੀ ਗਈ ਸੀ ਪਰ ਦਸੰਬਰ 2018 ਤੋਂ ਲਾਗੂ ਕੀਤੀ ਗਈ ਸੀ।ਤੋਮਰ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਉੱਚ ਸਦਨ ਨੂੰ ਦੱਸਿਆ ਕਿ ਇਸ ਸਾਲ ਅਪ੍ਰੈਲ-ਜੁਲਾਈ ਦੌਰਾਨ ਲਾਭਪਾਤਰੀਆਂ ਦੀ ਸੰਖਿਆ 10.45 ਕਰੋੜ ਦੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਈ ਸੀ, ਜਦੋਂ ਯੋਜਨਾ ਦੇ ਤਹਿਤ 11ਵੀਂ ਕਿਸ਼ਤ ਦਾ ਭੁਗਤਾਨ ਕੀਤਾ ਗਿਆ ਸੀ।
ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਤਹਿਤ ਲਾਭਪਾਤਰੀਆਂ ਦੀ ਸੰਖਿਆ ਪਹਿਲੀ ਮਿਆਦ (ਦਸੰਬਰ 2018 - ਮਾਰਚ 2019) ਵਿੱਚ 3.16 ਕਰੋੜ ਸੀ ਜੋ 12ਵੀਂ ਮਿਆਦ (ਅਗਸਤ 2022 - ਨਵੰਬਰ 2022) ਵਿੱਚ ਵੱਧ ਕੇ 8.42 ਕਰੋੜ ਹੋ ਗਈ ਹੈ।
ਅੰਕੜਿਆਂ ਮੁਤਾਬਕ ਪਹਿਲੀ ਕਿਸ਼ਤ 'ਚ ਲਾਭਪਾਤਰੀਆਂ ਦੀ ਗਿਣਤੀ 3.16 ਕਰੋੜ ਸੀ, ਜੋ ਦੂਜੀ ਕਿਸ਼ਤ 'ਚ 6 ਕਰੋੜ, ਤੀਜੀ ਕਿਸ਼ਤ 'ਚ 7.66 ਕਰੋੜ ਹੋ ਗਈ। ਅੱਠਵੀਂ ਮਿਆਦ ਵਿੱਚ ਲਾਭਪਾਤਰੀਆਂ ਦੀ ਗਿਣਤੀ ਵੱਧ ਕੇ 9.97 ਕਰੋੜ, ਨੌਵੀਂ ਮਿਆਦ ਵਿੱਚ 10.34 ਕਰੋੜ ਹੋ ਗਈ। ਇਹ ਸੰਖਿਆ 11ਵੀਂ ਮਿਆਦ 'ਚ ਵੱਧ ਕੇ 10.45 ਕਰੋੜ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਹੈ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ 2019 ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤਹਿਤ ਹੁਣ ਤੱਕ ਲਗਭਗ 11.3 ਕਰੋੜ ਯੋਗ ਕਿਸਾਨ ਪਰਿਵਾਰਾਂ ਨੂੰ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ।