
ਭਾਰਤ ਦੀ ਤੀਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਲਿਮਟਡ ਨੇ ਦੱਸਿਆ ਕਿ ਸਰਕਾਰ ਕੰਪਨੀ ਦੀ ਕਰੀਬ 36 ਫੀਸਦੀ ਹਿੱਸੇ ਦੀ ਮਲਕੀਅਤ ਆਪਣੇ ਕੋਲ ਰੱਖੇਗੀ।
ਨਵੀਂ ਦਿੱਲੀ: ਭਾਰਤ ਦੀ ਤੀਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਲਿਮਟਡ ਨੇ ਦੱਸਿਆ ਕਿ ਸਰਕਾਰ ਕੰਪਨੀ ਦੀ ਕਰੀਬ 36 ਫੀਸਦੀ ਹਿੱਸੇ ਦੀ ਮਲਕੀਅਤ ਆਪਣੇ ਕੋਲ ਰੱਖੇਗੀ। ਦਰਅਸਲ ਕੰਪਨੀ ਦੇ ਬੋਰਡ ਨੇ ਕੰਪਨੀ ਦੇ ਕਰਜ਼ ਨੂੰ ਇਕੁਇਟੀ ਵਿਚ ਬਦਲਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਦੇ ਸਪੈਕਟ੍ਰਮ ਨਿਲਾਮੀ ਦੀਆਂ ਕਿਸ਼ਤਾਂ ਅਤੇ ਏ.ਜੀ.ਆਰ. ਯਾਨੀ ਐਡਜਸਟਡ ਗ੍ਰਾਸ ਰੈਵੇਨਿਊ ਦੇ ਕਰਜ਼ੇ ਨੂੰ ਇਕੁਇਟੀ ਵਿਚ ਬਦਲਿਆ ਜਾਵੇਗਾ।
ਮੀਡੀਆ ਰਿਪੋਰਟ ਵਿਚ ਵੋਡਾਫੋਨ-ਆਈਡੀਆ ਸਟਾਕ ਐਕਸਚੇਂਜ ਫਾਈਲਿੰਗ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਕਨਵਰਜ਼ਨ ਤੋਂ ਬਾਅਦ ਵੋਡਾਫੋਨ ਗਰੁੱਪ ਕੋਲ 28.5% ਅਤੇ ਆਦਿੱਤਿਆ ਬਿਰਲਾ ਗਰੁੱਪ ਕੋਲ 17.8% ਹਿੱਸੇਦਾਰੀ ਹੋਵੇਗੀ। ਇਸ ਨੂੰ ਵੋਡਾਫੋਨ ਆਈਡੀਆ ਦੀ ਬਚਾਅ ਯੋਜਨਾ ਕਿਹਾ ਜਾ ਰਿਹਾ ਹੈ ਕਿਉਂਕਿ ਕੰਪਨੀ ਪਿਛਲੇ ਕਈ ਸਾਲਾਂ ਤੋਂ ਟੈਲੀਕਾਮ ਮਾਰਕਿਟ 'ਚ ਸੰਘਰਸ਼ ਕਰ ਰਹੀ ਹੈ।
ਵੋਡਾਫੋਨ ਗਰੁੱਪ ਨੇ ਸਾਲ 2018 ਵਿਚ ਕੁਮਾਰ ਮੰਗਲਮ ਬਿਰਲਾ ਦੀ ਕੰਪਨੀ ਨਾਲ ਰਲੇਵਾਂ ਕੀਤਾ ਸੀ। ਉਹਨਾਂ ਦੀ ਕੰਪਨੀ ਆਈਡੀਆ ਅਤੇ ਵੋਡਾਫੋਨ ਇਕੱਠੇ ਆਏ ਅਤੇ ਵੋਡਾਫੋਨ-ਆਈਡੀਆ ਬਣ ਗਈ। ਪਿਛਲੇ ਸਾਲ ਕੰਪਨੀ ਦੀ ਬ੍ਰਾਂਡਿੰਗ ਹੋਈ ਸੀ ਅਤੇ ਇਸ ਨੂੰ ਨਵਾਂ ਨਾਮ ‘Vi’ ਦਿੱਤਾ ਗਿਆ ਪਰ ਬਾਜ਼ਾਰ ਵਿਚ ਕੰਪਨੀ ਅਜੇ ਵੀ ਕਈ ਵਿੱਤੀ ਸਮੱਸਿਆਵਾਂ ਵਿਚੋਂ ਲੰਘ ਰਹੀ ਹੈ। ਵੋਡਾਫੋਨ ਪਿਛਲੇ ਕੁਝ ਸਮੇਂ ਤੋਂ ਸੁਪਰੀਮ ਕੋਰਟ ਵਿਚ ਏਜੀਆਰ ਬਕਾਏ ਨੂੰ ਲੈ ਕੇ ਲੜਾਈ ਲੜ ਰਿਹਾ ਸੀ। ਵੋਡਾਫੋਨ ਆਈਡੀਆ ਲਈ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਕੰਪਨੀ 'ਤੇ 58,000 ਕਰੋੜ ਰੁਪਏ ਦਾ ਬਕਾਇਆ ਸੀ।