
ਸਰੀਰ ਦੇ ਵੀ ਕਰ ਦਿੱਤੇ ਟੁਕੜੇ, ਦੋਸ਼ੀਆਂ 'ਚ ਇੱਕ ਨਾਬਾਲਗ ਵੀ ਸ਼ਾਮਲ
ਸਿਲਵਾਸਾ - ਦਾਦਰਾ ਅਤੇ ਨਗਰ ਹਵੇਲੀ ਵਿੱਚ ਇੱਕ ਨੌਂ ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਗਿਆ, ਧਨ ਪ੍ਰਾਪਤੀ ਲਈ 'ਮਨੁੱਖੀ ਬਲੀ' ਦੀ ਰਸਮ ਵਾਸਤੇ ਉਸ ਦਾ ਸਿਰ ਕਲਮ ਕਰ ਦਿੱਤਾ ਗਿਆ, ਅਤੇ ਬਾਅਦ 'ਚ ਉਸ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਗਏ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ 100 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸੀ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ, ਗੁਆਂਢੀ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਦੇ ਵਾਪੀ ਵਿੱਚ ਇੱਕ ਨਹਿਰ ਦੇ ਕੋਲ ਇੱਕ ਸਿਰ ਕਲਮ ਕੀਤੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਇੱਕ ਕਿਸ਼ੋਰ ਲੜਕੇ ਨੂੰ ਹਿਰਾਸਤ ਵਿੱਚ ਲਿਆ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦਾਦਰਾ ਅਤੇ ਨਗਰ ਹਵੇਲੀ ਜ਼ਿਲ੍ਹੇ ਦੇ ਸਾਇਲੀ ਪਿੰਡ ਤੋਂ 29 ਦਸੰਬਰ ਨੂੰ ਇੱਕ ਨੌਂ ਸਾਲਾ ਲੜਕਾ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ 30 ਦਸੰਬਰ ਨੂੰ ਸਿਲਵਾਸਾ ਪੁਲਿਸ ਸਟੇਸ਼ਨ ਵਿੱਚ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਿਸ ਨੇ ਕਿਹਾ ਕਿ ਲੜਕੇ ਦਾ ਪਤਾ ਲਗਾਉਣ ਲਈ ਕਈ ਟੀਮਾਂ ਲਗਾਈਆਂ ਗਈਆਂ ਸੀ। ਪਰ ਡੀਐਨਐਚ ਦੇ ਜ਼ਿਲ੍ਹਾ ਹੈੱਡਕੁਆਰਟਰ ਸਿਲਵਾਸਾ ਤੋਂ ਲਗਭਗ 30 ਕਿਲੋਮੀਟਰ ਦੂਰ ਵਾਪੀ ਵਿੱਚ ਉਸ ਦੇ 'ਹੂਲੀਏ' ਨਾਲ ਮੇਲ ਖਾਂਦਾ ਸਿਰ ਰਹਿਤ ਸਰੀਰ ਮਿਲਿਆ।
ਇੱਕ ਅਧਿਕਾਰੀ ਨੇ ਦੱਸਿਆ ਕਿ ਲਾਸ਼ ਵਾਪੀ ਵਿੱਚ ਇੱਕ ਨਹਿਰ ਦੇ ਕੋਲ ਮਿਲੀ ਸੀ, ਜਦ ਕਿ ਸਰੀਰ ਦੇ ਕੁਝ ਹਿੱਸੇ ਸਾਇਲੀ ਪਿੰਡ ਵਿੱਚ ਮਿਲੇ ਸਨ ਜਿੱਥੇ ਮਨੁੱਖੀ ਬਲੀ ਦੀ ਰਸਮ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਦੇ ਅੰਗਾਂ ਨੂੰ ਫ਼ੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਪੁਲਿਸ ਨੇ ਕਿਹਾ, "ਜਾਂਚ ਨੇ ਪੁਲਿਸ ਨੂੰ ਇੱਕ ਨਾਬਾਲਗ ਤੱਕ ਪਹੁੰਚਾਇਆ। ਉਸ ਨੇ ਖੁਲਾਸਾ ਕੀਤਾ ਕਿ ਉਸ ਨੇ 29 ਦਸੰਬਰ 2022 ਨੂੰ ਪਿੰਡ ਸਾਇਲੀ ਤੋਂ ਪੀੜਤਾ ਨੂੰ ਅਗਵਾ ਕੀਤਾ ਸੀ, ਅਤੇ ਆਪਣੇ ਸਾਥੀ ਦੀ ਮਦਦ ਨਾਲ ਉਸ ਦਾ ਕਤਲ ਕਰ ਦਿੱਤਾ ਸੀ।"
ਇਸ ਤੋਂ ਬਾਅਦ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਨਾਬਾਲਗ ਤੋਂ ਪੁੱਛਗਿੱਛ ਤੋਂ ਪੁਲਿਸ ਨੂੰ ਅਪਰਾਧ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰਨ ਵਿੱਚ ਮਦਦ ਮਿਲੀ। ਪੁਲਿਸ ਨੇ ਦੱਸਿਆ ਕਿ ਹਿਰਾਸਤ 'ਚ ਲਏ ਗਏ ਲੜਕੇ ਨੇ ਖੁਲਾਸਾ ਕੀਤਾ ਕਿ ਉਸ ਦੇ ਦੋਸਤ ਸ਼ੈਲੇਸ਼ ਕੋਹਕੇਰਾ (28) ਨੇ ਪੀੜਤ ਦੇ ਕਤਲ 'ਚ ਉਸ ਦੀ ਮਦਦ ਕੀਤੀ ਸੀ।
ਰਿਲੀਜ਼ ਵਿੱਚ ਕਿਹਾ ਗਿਆ ਹੈ, "ਉਸ ਨੇ ਦੱਸਿਆ ਕਿ ਰਮੇਸ਼ ਸਾਂਵਰ ਵੀ ਸਾਜ਼ਿਸ਼ ਦਾ ਹਿੱਸਾ ਸੀ। ਸਾਂਵਰ ਨੇ ਆਰਥਿਕ ਲਾਭ ਦੇ ਲਾਲਚ ਵਿੱਚ ਕਿਸ਼ੋਰ ਅਤੇ ਸ਼ੈਲੇਸ਼ ਕੋਹਕੇਰਾ ਨੂੰ ਮਨੁੱਖੀ ਬਲੀ ਦੀ ਰਸਮ ਲਈ ਵਰਗਲਾਇਆ ਸੀ।"
ਇਸ ਤੋਂ ਬਾਅਦ ਕੋਹਕੇਰਾ ਅਤੇ ਸਾਂਵਰ ਦਾ ਪਤਾ ਲਗਾਇਆ ਗਿਆ, ਅਤੇ 3 ਜਨਵਰੀ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਨੌਜਵਾਨ ਸਾਇਲੀ ਪਿੰਡ 'ਚ ਇੱਕ ਚਿਕਨ ਦੀ ਦੁਕਾਨ 'ਤੇ ਕਸਾਈ ਦਾ ਕੰਮ ਕਰਦਾ ਸੀ। ਉਹ ਗੁਜਰਾਤ ਦੇ ਤਾਪੀ ਜ਼ਿਲੇ ਦੇ ਕਪਰਾਡਾ ਤਾਲੁਕਾ ਦੇ ਕਰਜਾਨ ਪਿੰਡ ਦਾ ਰਹਿਣ ਵਾਲਾ ਹੈ।
ਉਸ ਨੂੰ ਸੂਰਤ ਦੇ ਨਿਗਰਾਨੀ ਗ੍ਰਹਿ 'ਚ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।