
ਆਉਂਦੇ ਕੁਝ ਦਿਨਾਂ 'ਚ ਜਾਰੀ ਹੋ ਜਾਵੇਗਾ ਨੋਟੀਫ਼ਿਕੇਸ਼ਨ
ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਹੱਜ ਵਿੱਚ 'ਵੀਆਈਪੀ ਕੋਟਾ' ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਦੇਸ਼ ਦੇ ਆਮ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਇਸ ਧਾਰਮਿਕ ਯਾਤਰਾ ਵਿੱਚ 'ਵੀਆਈਪੀ ਕਲਚਰ' ਨੂੰ ਖ਼ਤਮ ਕੀਤਾ ਜਾ ਸਕੇ।
ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਮ੍ਰਿਤੀ ਇਰਾਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਇਹ (ਹੱਜ ਵਿੱਚ ਵੀਆਈਪੀ ਕੋਟਾ ਖ਼ਤਮ ਕਰਨ ਦਾ) ਫ਼ੈਸਲਾ ਹੋ ਚੁੱਕਿਆ ਹੈ। ਪ੍ਰਧਾਨ ਮੰਤਰੀ ਨੇ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ ਦੇਸ਼ ਦੇ ਸਾਹਮਣੇ ਵੀਆਈਪੀ ਕਲਚਰ ਖ਼ਤਮ ਕਰਨ ਦਾ ਸੰਕਲਪ ਪੇਸ਼ ਕੀਤਾ ਸੀ।"
ਇਰਾਨੀ ਨੇ ਕਿਹਾ, ''ਹੱਜ ਕਮੇਟੀ ਅਤੇ ਹੱਜ ਯਾਤਰਾ ਨੂੰ ਲੈ ਕੇ ਵੀਆਈਪੀ ਕਲਚਰ ਯੂ.ਪੀ.ਏ. ਸਰਕਾਰ ਦੇ ਸਮੇਂ ਸਥਾਪਿਤ ਕੀਤਾ ਗਿਆ ਸੀ। ਇਸ ਤਹਿਤ ਸੰਵਿਧਾਨਕ ਅਹੁਦਿਆਂ 'ਤੇ ਕਾਬਜ਼ ਲੋਕਾਂ ਲਈ ਹੱਜ ਲਈ ਵਿਸ਼ੇਸ਼ ਕੋਟਾ ਹੁੰਦਾ ਸੀ।
ਉਨ੍ਹਾਂ ਦੱਸਿਆ, "ਹੁਣ ਪ੍ਰਧਾਨ ਮੰਤਰੀ ਨੇ ਆਪਣਾ ਕੋਟਾ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਹੈ ਤਾਂ ਜੋ ਇਸ ਵਿੱਚ ਕੋਈ ਵੀਆਈਪੀ ਕਲਚਰ ਨਾ ਹੋਵੇ ਅਤੇ ਆਮ ਭਾਰਤੀਆਂ ਨੂੰ ਸਹੂਲਤ ਮਿਲੇ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਮੈਂ ਵੀ ਆਪਣਾ ਕੋਟਾ ਛੱਡਿਆ ਹੈ। ਅਸੀਂ ਹੱਜ ਕਮੇਟੀ ਨਾਲ ਵਿਚਾਰ ਵਟਾਂਦਰਾ ਕੀਤਾ ਕਿ ਤੁਸੀਂ ਵੀਆਈਪੀ ਕਲਚਰ ਛੱਡ ਕੇ ਕੋਟਾ ਖ਼ਤਮ ਕਰੋ। ਸਾਰੇ ਰਾਜਾਂ ਦੀਆਂ ਹੱਜ ਕਮੇਟੀਆਂ ਨੇ ਇਸ ਦਾ ਸਮਰਥਨ ਕੀਤਾ।"
ਦੂਜੇ ਪਾਸੇ ਹੱਜ ਕਮੇਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਅਗਲੇ ਕੁਝ ਦਿਨਾਂ ਵਿੱਚ ਇਸ ਫ਼ੈਸਲੇ ਨਾਲ ਸੰਬੰਧਿਤ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
ਵਰਨਣਯੋਗ ਹੈ ਕਿ 'ਵੀਆਈਪੀ ਕੋਟੇ' ਤਹਿਤ ਰਾਸ਼ਟਰਪਤੀ ਕੋਲ 100 ਸ਼ਰਧਾਲੂਆਂ ਦਾ ਕੋਟਾ ਸੀ, ਪ੍ਰਧਾਨ ਮੰਤਰੀ ਕੋਲ 75, ਉਪ-ਰਾਸ਼ਟਰਪਤੀ ਕੋਲ 75 ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕੋਲ 50 ਸ਼ਰਧਾਲੂਆਂ ਦਾ ਕੋਟਾ ਹੁੰਦਾ ਸੀ। ਇਸ ਤੋਂ ਇਲਾਵਾ ਹੱਜ ਕਮੇਟੀ ਦੇ ਮੈਂਬਰਾਂ/ਅਹੁਦੇਦਾਰਾਂ ਕੋਲ 200 ਹੱਜ ਯਾਤਰੀਆਂ ਦਾ ਕੋਟਾ ਹੁੰਦਾ ਸੀ।
ਹੱਜ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੇ 14 ਨਵੰਬਰ ਨੂੰ ਇੱਕ ਪੱਤਰ ਲਿਖ ਕੇ ਹੱਜ 'ਚ 'ਵੀਆਈਪੀ ਕੋਟਾ' ਖ਼ਤਮ ਕਰਨ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ ਸੀ, ਅਤੇ ਕਿਹਾ ਸੀ ਕਿ ਹੱਜ ਕਮੇਟੀ ਦੇ 200 ਸ਼ਰਧਾਲੂਆਂ ਦੇ ਕੋਟੇ ਨੂੰ ਜਨਰਲ ਕੋਟੇ ਨਾਲ ਸ਼ਾਮਲ ਕਰਨ ਦੀ ਗੱਲ ਕਹੀ ਗਈ ਹੈ।
ਹੱਜ ਲਈ ਭਾਰਤ ਦਾ ਕੋਟਾ ਲਗਭਗ ਦੋ ਲੱਖ ਯਾਤਰੀਆਂ ਦਾ ਹੈ।