
ਭਾਰਤ ਜੋੜੋ ਯਾਤਰਾ ਦੇ ਮੱਦੇਨਜ਼ਰ ਰਾਜਪੁਰਾ ਤੋਂ ਸਮਰਾਲਾ ਚੌਕ ਤੱਕ 86 ਕਿਲੋਮੀਟਰ ਹਾਈਵੇਅ ਰਹੇਗਾ ਬੰਦ
ਰਾਜਪੁਰਾ ਤੋਂ ਚੰਡੀਗੜ੍ਹ ਹੁੰਦੇ ਹੋਏ ਲੁਧਿਆਣਾ ਆਉਣ ਦੀ ਸਲਾਹ
ਖੰਨਾ ਵਿਚ ਆਵਾਜਾਈ ਰਹੇਗੀ ਪੂਰੀ ਤਰ੍ਹਾਂ ਠੱਪ
ਮੋਹਾਲੀ : ਅੱਜ ਯਾਨੀ ਬੁੱਧਵਾਰ ਨੂੰ ਜੇਕਰ ਤੁਸੀਂ ਦਿੱਲੀ ਤੋਂ ਲੁਧਿਆਣਾ ਆ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਅੱਜ ਖੰਨਾ ਪਹੁੰਚਣ ਤੋਂ ਪਹਿਲਾਂ ਰੂਟ ਪਲਾਨ ਬਦਲ ਦਿੱਤਾ ਗਿਆ ਹੈ। ਬੁੱਧਵਾਰ ਨੂੰ ਰਾਜਪੁਰਾ ਤੋਂ ਲੁਧਿਆਣਾ ਤੱਕ 86 ਕਿਲੋਮੀਟਰ ਲੰਬੇ ਕੌਮੀ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ, ਜਦਕਿ ਜਲੰਧਰ ਤੋਂ ਦਿੱਲੀ ਤੱਕ ਆਵਾਜਾਈ ਆਮ ਵਾਂਗ ਜਾਰੀ ਰਹੇਗੀ।
ਦਿੱਲੀ ਤੋਂ ਆਉਣ ਵਾਲੇ ਵਾਹਨ ਰਾਜਪੁਰਾ ਤੋਂ ਚੰਡੀਗੜ੍ਹ ਰੋਡ ਤੋਂ ਬਨੂੜ, ਖਰੜ, ਸਮਰਾਲਾ ਹੁੰਦੇ ਹੋਏ ਲੁਧਿਆਣਾ ਦੇ ਸਮਰਾਲਾ ਚੌਕ ਤੋਂ ਨਿਕਲਣਗੇ। ਗੋਬਿੰਦਗੜ੍ਹ ਤੋਂ ਆਉਣ ਵਾਲੇ ਵਾਹਨ ਅਮਲੋਹ, ਭਾਦਸੋਂ ਤੋਂ ਹੁੰਦੇ ਹੋਏ ਨਾਭਾ, ਮਲੇਰਕੋਟਲਾ, ਲੁਧਿਆਣਾ ਨੂੰ ਜਾਣਗੇ।ਲੁਧਿਆਣਾ ਤੋਂ ਦੋਰਾਹਾ-ਰੋਪੜ ਜਾਣ ਵਾਲੇ ਦੱਖਣੀ ਬਾਈਪਾਸ 'ਤੇ ਟਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ।
ਲੁਧਿਆਣਾ ਤੋਂ ਆਉਣ ਵਾਲੇ ਵਾਹਨਾਂ ਨੂੰ ਟਿੱਬਾ ਰੋਡ ਤੋਂ ਮੋੜ ਕੇ ਦੋਰਾਹਾ ਦੀ ਬਜਾਏ ਸਾਹਨੇਵਾਲ ਰਾਹੀਂ ਆਉਣਾ ਪਵੇਗਾ। ਪਟਿਆਲਾ ਤੋਂ ਆਉਣ ਵਾਲੀ ਟਰੈਫਿਕ ਨੂੰ ਲੁਧਿਆਣਾ-ਮੋਗਾ ਰਾਹੀਂ ਸੰਗਰੂਰ-ਮਾਲੇਰਕੋਟਲਾ ਦੇ ਰਸਤੇ ਡਾਇਵਰਟ ਕੀਤਾ ਜਾਵੇਗਾ। ਲੁਧਿਆਣਾ-ਖਰੜ ਕੌਮੀ ਮਾਰਗ ’ਤੇ ਰੋਪੜ ਤੋਂ ਆਉਣ ਵਾਲੀ ਟਰੈਫਿਕ ਸਿੱਧੀ ਲੁਧਿਆਣਾ ਵੱਲ ਜਾ ਸਕੇਗੀ। ਨੀਲੋ-ਦੋਰਾਹਾ ਦੇ ਰਸਤੇ ਵਿਚ ਕਿਸੇ ਨੂੰ ਵੀ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
ਖੰਨਾ ਵਿੱਚ ਲਿੰਕ ਸੜਕਾਂ ਰਾਹੀਂ ਵਾਹਨਾਂ ਦਾ ਦਾਖਲਾ ਬੰਦ ਰਹੇਗਾ। ਮਲੇਰਕੋਟਲਾ ਤੋਂ ਖੰਨਾ ਆਉਣ ਵਾਲੀ ਟਰੈਫਿਕ ਮਾਲੇਰਕੋਟਲਾ ਤੋਂ ਹੀ ਬੰਦ ਰਹੇਗੀ, ਟਰੈਫਿਕ ਪਟਿਆਲਾ ਤੋਂ ਹੋ ਕੇ ਲੰਘੇਗੀ। ਲਲਹੇੜੀ ਰੋਡ ਤੋਂ ਖੰਨਾ ਨੂੰ ਆਉਣ ਵਾਲੀ ਆਵਾਜਾਈ ਪਿੰਡ ਲਲਹੇੜੀ ਤੋਂ ਬੰਦ ਰਹੇਗੀ।ਇਸ ਤੋਂ ਇਲਾਵਾ ਖੰਨਾ 'ਚ ਸਮਰਾਲਾ ਤੋਂ ਆਉਣ ਵਾਲੀ ਟਰੈਫਿਕ ਦੀ ਕੋਈ ਐਂਟਰੀ ਨਹੀਂ ਹੋਵੇਗੀ। ਅਮਲੋਹ ਤੋਂ ਆਉਣ ਵਾਲੀ ਟਰੈਫਿਕ ਨੂੰ ਅਮਲੋਹ ਤੋਂ ਪਟਿਆਲਾ ਵਾਇਆ ਡਾਇਵਰਟ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਖੰਨਾ ਸ਼ਹਿਰ ਪੂਰਨ ਤੌਰ 'ਤੇ ਬੰਦ ਰਹੇਗਾ। ਖੰਨਾ 'ਚ ਟਰਾਂਸਪੋਰਟ ਸਹੂਲਤ ਠੱਪ ਰਹੇਗੀ।
ਦੱਸ ਦੇਈਏ ਕਿ ਯਾਤਰਾ ਦੀ ਸੁਰੱਖਿਆ ਲਈ ਖੰਨਾ, ਪਟਿਆਲਾ, ਬਠਿੰਡਾ ਜ਼ਿਲ੍ਹਿਆਂ ਤੋਂ ਇਲਾਵਾ ਹੋਮਗਾਰਡ ਫੋਰਸ ਸਮੇਤ 2000 ਜਵਾਨਾਂ ਦੀ ਡਿਊਟੀ ਲਗਾਈ ਗਈ ਹੈ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੀ ਜ਼ੈੱਡ ਪਲੱਸ ਸੁਰੱਖਿਆ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸ਼ਹਿਰ ਦੇ ਕੋਨੇ-ਕੋਨੇ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ, ਸਿਵਲ ਵਰਦੀ ਵਿਚ ਇੰਟੈਲੀਜੈਂਸ ਅਧਿਕਾਰੀ ਵਿਚ ਘੁੰਮ ਰਹੇ ਹਨ।