
ਮਸਜਿਦਾਂ ’ਚ ਰਮਜ਼ਾਨ ਮਹੀਨੇ ਦੀ ਵਿਸ਼ੇਸ਼ ਨਮਾਜ਼ ‘ਤਰਵਾਹੀ’ ਵੀ ਸ਼ੁਰੂ
ਨਵੀਂ ਦਿੱਲੀ: ਇਸਲਾਮ ਦੇ ਪਵਿੱਤਰ ਮਹੀਨੇ ਰਮਜ਼ਾਨ ਦਾ ਨਵਾਂ ਚੰਨ ਸੋਮਵਾਰ ਸ਼ਾਮ ਨੂੰ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਵੇਖਿਆ ਗਿਆ ਅਤੇ ਪਹਿਲਾ ਰੋਜ਼ਾ ਮੰਗਲਵਾਰ ਨੂੰ ਹੋਵੇਗਾ। ਚੰਨ ਦਿਸਣ ਦੇ ਨਾਲ ਹੀ ਦੇਸ਼ ਦੀਆਂ ਵੱਖ-ਵੱਖ ਮਸਜਿਦਾਂ ’ਚ ਰਮਜ਼ਾਨ ਮਹੀਨੇ ਦੀ ਵਿਸ਼ੇਸ਼ ਨਮਾਜ਼ ‘ਤਰਵਾਹੀ’ ਵੀ ਸ਼ੁਰੂ ਹੋ ਗਈ ਹੈ। ਚਾਂਦਨੀ ਚੌਕ ਸਥਿਤ ਫਤਿਹਪੁਰੀ ਮਸਜਿਦ ਦੇ ਸ਼ਾਹੀ ਇਮਾਮ ਮੌਲਾਨਾ ਮੁਫਤੀ ਮੁਕਰਮ ਅਹਿਮਦ ਨੇ ਦਸਿਆ ਕਿ ਦਿੱਲੀ ਤੋਂ ਇਲਾਵਾ ਹਰਿਆਣਾ ਦੇ ਗੁਰੂਗ੍ਰਾਮ, ਰਾਜਸਥਾਨ ਦੇ ਜੈਪੁਰ ਅਤੇ ਅਲਵਰ, ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਬਰੇਲੀ, ਬਿਹਾਰ ਦੇ ਪਟਨਾ ਅਤੇ ਕਈ ਹੋਰ ਸ਼ਹਿਰਾਂ ’ਚ ਵੀ ਰਮਜ਼ਾਨ ਮਹੀਨੇ ਦਾ ਚੰਨ ਵੇਖਿਆ ਗਿਆ ਹੈ ਅਤੇ ਪਹਿਲਾ ਰੋਜ਼ਾ ਮੰਗਲਵਾਰ ਨੂੰ ਹੋਵੇਗਾ। ਇਸ ਵਾਰ ਰੋਜ਼ਾ ਲਗਭਗ 13 ਘੰਟੇ ਦਾ ਹੋਵੇਗਾ। ਜਮੀਅਤ ਉਲੇਮਾ-ਏ-ਹਿੰਦ ਨਾਲ ਜੁੜੇ ਭਵਨ-ਏ-ਸ਼ਰੀਆ-ਹਿੰਦ ਨੇ ਵੀ ਇਕ ਬਿਆਨ ਵਿਚ ਪੁਸ਼ਟੀ ਕੀਤੀ ਕਿ ਇਸਲਾਮਿਕ ਕੈਲੰਡਰ ਦੇ ਨੌਵੇਂ ਮਹੀਨੇ ਰਮਜ਼ਾਨ ਦਾ ਨਵਾਂ ਚੰਦਰਮਾ ਵੇਖਿਆ ਗਿਆ ਹੈ। ਬਿਆਨ ਮੁਤਾਬਕ ਰਮਜ਼ਾਨ ਮਹੀਨੇ ਦੀ ਪਹਿਲੀ ਤਰੀਕ ਮੰਗਲਵਾਰ 12 ਮਾਰਚ ਹੋਵੇਗੀ।
ਇਸਲਾਮਿਕ ਕੈਲੰਡਰ ਦੇ ਅਨੁਸਾਰ, ਇਹ ਮਹੀਨਾ 29 ਜਾਂ 30 ਦਿਨਾਂ ਦਾ ਹੁੰਦਾ ਹੈ, ਜੋ ਚੰਨ ਦੇ ਨਜ਼ਰ ਆਉਣ ’ਤੇ ਨਿਰਭਰ ਕਰਦਾ ਹੈ। ਰਮਜ਼ਾਨ ਦਾ ਨਵਾਂ ਚੰਨ ਵੇਖਣ ਤੋਂ ਬਾਅਦ ਅਗਲੇ ਦਿਨ ਤੋਂ ਪਵਿੱਤਰ ਮਹੀਨਾ ਸ਼ੁਰੂ ਹੋ ਜਾਂਦਾ ਹੈ ਅਤੇ ਅਗਲੇ 30 ਦਿਨਾਂ ਤਕ ਮੁਸਲਮਾਨ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤਕ ਕੁੱਝ ਵੀ ਨਹੀਂ ਖਾਂਦੇ ਜਾਂ ਪੀਂਦੇ ਹਨ। ਉਹ ਅੱਲ੍ਹਾ ਦੀ ਭਗਤੀ ਕਰਨ ’ਚ ਵੱਧ ਤੋਂ ਵੱਧ ਸਮਾਂ ਬਿਤਾਉਂਦੇ ਹਨ। ਸ਼ਾਮ ਨੂੰ, ਮਸਜਿਦਾਂ ’ਚ ਵਿਸ਼ੇਸ਼ ਨਮਾਜ਼ ਅਦਾ ਕੀਤੀ ਜਾਂਦੀ ਹੈ ਜਿਸ ਨੂੰ ‘ਤਰਾਹਾਵੀ’ ਕਿਹਾ ਜਾਂਦਾ ਹੈ। ਇਸ ਪ੍ਰਾਰਥਨਾ ’ਚ ਪੂਰਾ ਕੁਰਾਨ ਪੜ੍ਹਿਆ ਜਾਂਦਾ ਹੈ। ਇਹ ਪ੍ਰਕਿਰਿਆ ਈਦ ਦਾ ਚੰਨ ਦਿਖਣ ਤਕ ਜਾਰੀ ਰਹਿੰਦੀ ਹੈ। ਇਸ ਵਾਰ ਈਦ 10 ਜਾਂ 11 ਅਪ੍ਰੈਲ ਨੂੰ ਪੈ ਸਕਦੀ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਸਾਊਦੀ ਅਰਬ ਅਤੇ ਕਈ ਖਾੜੀ ਦੇਸ਼ਾਂ ਨੇ ਸੋਮਵਾਰ ਤੋਂ ਰਮਜ਼ਾਨ ਦਾ ਮਹੀਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਦਖਣੀ ਅਤੇ ਪੂਰਬੀ ਏਸ਼ੀਆ ਦੇ ਕਈ ਦੇਸ਼ਾਂ ’ਚ ਸਾਊਦੀ ਅਰਬ ਤੋਂ ਇਕ ਦਿਨ ਬਾਅਦ ਰਮਜ਼ਾਨ ਦਾ ਮਹੀਨਾ ਸ਼ੁਰੂ ਹੁੰਦਾ ਹੈ, ਯਾਨੀ ਇਨ੍ਹਾਂ ਦੇਸ਼ਾਂ ’ਚ ਪਵਿੱਤਰ ਮਹੀਨਾ ਮੰਗਲਵਾਰ ਤੋਂ ਸ਼ੁਰੂ ਹੋਵੇਗਾ।