
ਬੀਤੇ ਦਿਨ ਭਾਵੇਂ ਉਨਾਵ 'ਚ 18 ਸਾਲ ਦੀ ਲੜਕੀ ਦੇ ਬਲਾਤਕਾਰ ਦੇ ਦੋਸ਼ ਵਿਚ ਫਸੇ ਯੂਪੀ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਕੁਲਦੀਪ ਸਿੰਘ ਸੈਂਗਰ...
ਲਖਨਊ : ਬੀਤੇ ਦਿਨ ਭਾਵੇਂ ਉਨਾਵ 'ਚ 18 ਸਾਲ ਦੀ ਲੜਕੀ ਦੇ ਬਲਾਤਕਾਰ ਦੇ ਦੋਸ਼ ਵਿਚ ਫਸੇ ਯੂਪੀ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਕੁਲਦੀਪ ਸਿੰਘ ਸੈਂਗਰ ਦੇ ਭਰਾ ਅਤੁਲ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪਰ ਫਿਰ ਵੀ ਪੀੜਤ ਪਰਵਾਰ ਡਰ ਡਰ ਕੇ ਸਮਾਂ ਕਟ ਰਿਹਾ ਹੈ। ਪੀੜਤ ਪਰਵਾਰ ਨੇ ਦੋਸ਼ ਲਾਇਆ ਕਿ ਵਿਧਾਇਕ ਕੁਲਦੀਪ ਸਿੰਘ ਸੈਂਗਰ ਨੇ ਫ਼ੋਨ 'ਤੇ ਪੀੜਤ ਲੜਕੀ ਦੇ ਚਾਚੇ ਨੂੰ ਧਮਕੀਆਂ ਦਿਤੀਆਂ। ਜਿਸ ਦੀ ਰਿਕਾਰਡਿੰਗ ਵੀ ਉਨ੍ਹਾਂ ਨੇ ਮੀਡੀਆ ਸਾਹਮਣੇ ਪੇਸ਼ ਕੀਤੀ।
unnao case
ਕਈ ਨਿਊਜ਼ ਚੈੱਨਲਾਂ ਨੇ ਇਸ ਗੱਲ ਬਾਤ ਨੂੰ ਲਾਈਵ ਵੀ ਦਿਖਾਇਆ ਹੈ। ਪੀੜਤ ਪਰਵਾਰ ਨੇ ਯੋਗੀ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਵਿਧਾਇਕ ਕੁਲਦੀਪ ਸਿੰਘ ਸੈਂਗਰ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ। ਇਸ ਘਟਨਾਕ੍ਰਮ ਤੋਂ ਬਾਅਦ ਭਾਵੇਂ ਵਿਧਾਇਕ ਦੀ ਗ੍ਰਿਫ਼ਤਾਰੀ ਦੀ ਤਾਂ ਕੋਈ ਖ਼ਬਰ ਨਹੀਂ ਮਿਲੀ ਪਰ ਪੁਲਿਸ ਪ੍ਰਸ਼ਾਸ਼ਨ ਨੇ ਪੀੜਤ ਪਰਿਵਾਰ ਦੀ ਸੁਰੱਖਿਆ ਵਧਾ ਦਿਤੀ ਹੈ।
unnao case
ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਇਕ ਵਿਅਕਤੀ ਜੋ ਰੇਪ ਪੀੜਤਾ ਦਾ ਪਿਤਾ ਦਸਿਆ ਜਾ ਰਿਹਾ ਹੈ ਉਹ ਸਟਰੈਚਰ 'ਤੇ ਲਹੂ-ਲੂਹਾਨ ਬੇਸੁਧ ਹਾਲਤ 'ਚ ਪਿਆ ਹੈ। ਤਿੰਨ ਲੋਕ ਇਸ ਵਿਅਕਤੀ ਦੇ ਸਟਰੈਚਰ ਕੋਲ ਖੜ੍ਹੇ ਦਿਖਾਈ ਦੇ ਰਹੇ ਹਨ। ਇਨ੍ਹਾਂ ਲੋਕਾਂ ਚੋਂ ਇਕ ਵਿਅਕਤੀ ਪੁਲਿਸ ਦੀ ਵਰਦੀ 'ਚ ਵੀ ਹੈ। ਵੀਡੀਓ 'ਚ ਨਜ਼ਰ ਆ ਰਹੇ ਉਸ ਵਿਅਕਤੀ ਦੇ ਪੈਰਾਂ 'ਚੋਂ ਖੂਨ ਨਿਕਲ ਰਿਹਾ ਹੈ ਅਤੇ ਉਸ ਦੀ ਹਾਲਤ ਬੇਹੱਦ ਖਰਾਬ ਹੈ। ਉਹ ਸਟਰੈਚਰ 'ਤੇ ਪਿਆ ਹੈ।
unnao case
ਉਸ ਦੀ ਮਦਦ ਕਰਨ ਦੀ ਬਜਾਏ 2 ਲੋਕ ਉਸ ਦੇ ਕੋਲ ਖੜ੍ਹੇ ਕੁੱਝ ਕਾਗ਼ਜ਼ਾਂ 'ਤੇ ਜ਼ਬਰਦਸਤੀ ਉਸ ਦਾ ਅੰਗੂਠਾ ਲਗਵਾ ਰਹੇ ਹਨ। ਵੀਡੀਓ 'ਚ ਉਹ ਅਪਣੇ ਕੰਮ ਨੂੰ ਬਹੁਤ ਤੇਜੀ ਨਾਲ ਅੰਜ਼ਾਮ ਦੇ ਰਹੇ ਹਨ। ਇਸ ਤੋਂ ਇਲਾਵਾ ਲਖਨਊ ਦੇ ਏਡੀਜ਼ੀ ਨੇ ਭਰੋਸਾ ਦਿਵਾਇਆ ਹੈ ਕਿ ਐਸਆਈਟੀ ਇਸ ਵਿਵਾਦਤ ਵੀਡੀਓ ਦੀ ਜਾਂਚ ਕਰੇਗੀ। ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਸਖ਼ਤ ਕਾਰਵਾਈ ਕੀਤੀ ਜਾਵੇਗੀ।