
10 ਫੁੱਟ ਤੋਂ ਜ਼ਿਆਦਾ ਬਰਫ਼ ਜੰਮੀ ਹੋਈ ਹੈ
ਉੱਤਰਾਖੰਡ- ਸ੍ਰੀ ਹੇਮਕੁੰਟ ਸਾਹਿਬ ਵਿਚ ਹਾਲੇ ਵੀ 10 ਫੁੱਟ ਤੋਂ ਜ਼ਿਆਦਾ ਬਰਫ਼ ਜੰਮੀ ਹੋਈ ਹੈ। ਫੌਜ ਤੇ ਨੇਪਾਲੀ ਮੂਲ ਦੇ ਮਜ਼ਦੂਰਾਂ ਦੇ ਨਾਲ-ਨਾਲ ਗੁਰਦੁਆਰਾ ਸੇਵਾਦਾਰ ਵੀ ਬਰਫ਼ ਹਟਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੀ ਹੈ। ਅਜਿਹੇ ਵਿਚ ਬਰਫ਼ ਹਟਾਉਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਕਈ ਥਾਈਂ ਪੈਦਲ ਰਾਹ ਵੀ ਠੱਪ ਹਨ।
Journey of Sri Hemkund Sahib Starts From First June
ਇਸ ਤੋਂ ਇਲਾਵਾ ਬਿਜਲੀ ਤੇ ਪਾਣੀ ਦੀ ਮੁਸ਼ਕਲ ਵੀ ਵੱਡੇ ਪੱਧਰ 'ਤੇ ਬਣੀ ਹੋਈ ਹੈ। ਫੌਜ ਦੇ 418 ਇੰਜਨੀਅਰਿੰਗ ਸ੍ਰੀ ਹੇਮਕੁੰਟ ਸਾਹਿਬ ਵਿਚ ਬਰਫ਼ ਹਟਾਉਣ ਦਾ ਕੰਮ ਕਰ ਰਹੇ ਹਨ। ਇਸ ਦੇ ਨਾਲ-ਨਾਲ 10 ਨੇਪਾਲੀ ਮੂਲ ਦੇ ਮਜ਼ਦੂਰ ਤੇ 12 ਗੁਰਦੁਆਰਾ ਸੇਵਾਦਾਰ ਵੀ ਕੰਮ ਕਰ ਰਹੇ ਹਨ। ਗੁਰਦੁਆਰਾ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਕਪਾਟ ਖੁੱਲ੍ਹਣ ਤੋਂ ਪਹਿਲਾਂ ਸਾਰੀਆਂ ਵਿਵਸਥਾਵਾਂ ਕੱਢੀਆਂ ਜਾਣਗੀਆਂ ਪਰ ਬਰਫ਼ ਹਟਾਉਣ ਵਿਚ ਹਾਲੇ ਕਾਫ਼ੀ ਦਿੱਕਤ ਆ ਰਹੀ ਹੈ। ਕਈ ਥਾਈਂ ਵੱਡੇ-ਵੱਡੇ ਗਲੇਸ਼ੀਅਰ ਕੱਟਣੇ ਬਾਕੀ ਹਨ।
Sri Hemkund Sahib
ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਜਦੋਂ ਕਪਾਟ ਖੋਲ੍ਹੇ ਜਾਣਗੇ ਤਾਂ ਪੰਜਾਬ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਤਸਵੀਰ ਬਦਲੀ ਨਜ਼ਰ ਆਏਗੀ। ਚੁਫੇਰੇ ਬਰਫ਼ ਹੀ ਬਰਫ਼ ਨਜ਼ਰ ਆਏਗੀ। ਜੋਤੀ ਸਰੋਵਰ ਦੇ ਨਾਂ ਨਾਲ ਜਾਣੀ ਜਾਂਦੀ ਪ੍ਰਾਚੀਨ ਝੀਲ ਵੀ ਬਰਫ਼ ਨਾਲ ਢੱਕੀ ਨਜ਼ਰ ਆਏਗੀ ਤੇ ਕੜਾਕੇ ਦੀ ਠੰਢ ਹੋਏਗੀ। ਬਰਫ਼ਬਾਰੀ ਬਾਅਦ ਸ੍ਰੀ ਹੇਮਕੁੰਟ ਸਾਹਿਬ ਦਾ ਤਾਪਮਾਨ ਮਨਫ਼ੀ ਤੋਂ ਵੀ ਹੇਠਾਂ ਜਾ ਪਹੁੰਚਿਆ ਹੈ।
ਇਸ ਲਈ ਯਾਤਰੀਆਂ ਨੂੰ ਆਪਣੇ ਨਾਲ ਗਰਮ ਕੱਪੜੇ ਲੈ ਕੇ ਜਾਣ ਦੀ ਸਲਾਹ ਦਿੱਤੀ ਗਈ ਹੈ। ਫੌਜ ਨੇ ਬਰਫ਼ ਕੱਟ ਕੇ ਰਾਹ ਤਾਂ ਸਾਫ਼ ਕਰ ਦਿੱਤਾ ਹੈ ਪਰ ਇਸ ਨਾਲ ਕਈ ਗੁਫ਼ਾਵਾਂ ਬਣ ਗਈਆਂ ਹਨ। ਸ੍ਰੀ ਹੇਮਕੁੰਟ ਸਾਹਿਬ ਜਾਣ ਲਈ ਬਰਫ਼ ਦੇ ਅੰਦਰ ਦੀ ਹੋ ਕੇ ਜਾਣਾ ਪਏਗਾ। ਜੇ ਮੌਸਮ ਨੇ ਸਾਥ ਦਿੱਤਾ ਤਾਂ ਬਰਫ਼ ਵਿਚ ਕਮੀ ਆ ਸਕਦੀ ਹੈ।