
50 ਹਜ਼ਾਰ ਲੋਕ 349 ਰਾਹਤ ਕੈਂਪਾਂ ’ਚ ਰਹਿ ਰਹੇ ਹਨ
ਇੰਫ਼ਾਲ: ਮਣੀਪੁਰ ਸਰਕਾਰ ਨੇ ਸੂਬੇ ਅੰਦਰ ਇੰਟਰਨੈੱਟ ਸੇਵਾਵਾਂ ’ਤੇ ਲੱਗੀ ਰੋਕ ਦੀ ਮਿਆਦ 15 ਜੂਨ ਤਕ ਵਧਾ ਦਿਤੀ ਹੈ। ਕਮਿਸ਼ਨਰ (ਗ੍ਰਹਿ) ਟੀ. ਰਣਜੀਤ ਸਿੰਘ ਵਲੋਂ ਸਨਿਚਰਵਾਰ ਰਾਤ ਨੂੰ ਜਾਰੀ ਹੁਕਮ ’ਚ ਕਿਹਾ ਗਿਆ ਕਿ ਬ੍ਰਾਡਬੈਂਡ ਸਮੇਤ ਮੋਬਾਈਲ ਇੰਟਰਨੈੱਟ ਸੇਵਾ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਹੁਣ 15 ਜੂਨ ਦੁਪਹਿਰ ਤਿੰਨ ਵਜੇ ਤਕ ਲਾਗੂ ਰਹੇਗਾ।
ਸੂਬੇ ਅੰਦਰ ਫ਼?ਰਕੂ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਤਿੰਨ ਮਈ ਨੂੰ ਇੰਟਰਨੈੱਟ ਸੇਵਾ ’ਤੇ ਰੋਕ ਲਾ ਦਿਤੀ ਗਈ ਸੀ।
ਇੰਟਰਨੈੱਟ ਸੇਵਾ ’ਤੇ ਰੋਕ ਦੀ ਮਿਆਦ 15 ਜੂਨ ਤਕ ਵਧਾਉਣ ਲਈ ਜਾਰੀ ਹੁਕਮ ’ਚ ਕਿਹਾ ਗਿਆ, ‘‘ਕੁਝ ਗ਼ੈਰਸਮਾਜਕ ਤੱਤ ਸੋਸ਼ਲ ਮੀਡੀਆ ਦਾ ਪ੍ਰਯੋਗ ਲੋਕਾਂ ਨੂੰ ਭੜਕਾਉਣ ਲਈ ਤਸਵੀਰ, ਨਫ਼ਰਤ ਫੈਲਾਉਣ ਵਾਲਾ ਭਾਸ਼ਣ, ਨਫ਼ਰਤੀ ਵੀਡੀਓ ਸੰਦੇਸ਼ ਪ੍ਰਸਾਰਿਤ ਕਰਨ ਲਈ ਕਰ ਸਕਦੇ ਹਨ ਜਿਸ ਦਾ ਗੰਭੀਰ ਨਤੀਜਾ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਪੈ ਸਕਦਾ ਹੈ।’’
ਜ਼ਿਕਰਯੋਗ ਹੈ ਕਿ ਮਣੀਪੁਰ ’ਚ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੇਈਤੀ ਫ਼ਿਰਕੇ ਦੀ ਮੰਗ ਵਿਰੁਧ ਤਿੰਨ ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ‘ਆਦਿਵਾਸੀ ਇਕਜੁਟਤਾ ਮਾਰਚ’ ਕਰਨ ਤੋਂ ਬਾਅਦ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਸਨ।
ਝੜਪਾਂ ’ਚ ਘੱਟ ਤੋਂ ਘੱਟ 103 ਲੋਕ ਮਾਰੇ ਜਾ ਚੁੱਕੇ ਹਨ ਅਤੇ 310 ਹੋਰ ਜ਼ਖ਼ਮੀ ਹੋਏ ਹਨ। 50 ਹਜ਼ਾਰ ਲੋਕ ਅਜੇ 349 ਰਾਹਤ ਕੈਂਪਾਂ ’ਚ ਰਹਿ ਰਹੇ ਹਨ। ਮਣੀਪੁਰ ’ਚ ਮੇਈਤੀ ਬਹੁਗਿਣਤੀ ਫ਼ਿਰਕਾ ਹੈ ਅਤੇ ਇਸ ਦੀ ਆਬਾਦੀ 53 ਫ਼ੀ ਸਦੀ ਹੈ। ਇਹ ਮੁੱਖ ਰੂਪ ’ਚ ਇੰਫ਼ਾਲ ਵਾਦੀ ’ਚ ਰਹਿੰਦੇ ਹਨ। ਜਦਕਿ ਨਗਾ ਅਤੇ ਕੁਕੀ ਵਰਗੇ ਆਦਿਵਾਸੀ ਫ਼ਿਰਕਿਆਂ ਦੀ ਆਬਾਦੀ 40 ਫ਼ੀ ਸਦੀ ਹੈ ਅਤੇ ਇਹ ਮੁੱਖ ਤੌਰ ’ਤੇ ਪਹਾੜੀ ਜ਼ਿਲ੍ਹਿਆਂ ’ਚ ਵਸਦੇ ਹਨ।