
ਕਿਹਾ, ਜਿਸ ਦਿਨ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਅਸੀਂ ਵੀ ਆਪਣਾ ਵਿਰੋਧ ਖਤਮ ਕਰ ਦੇਵਾਂਗੇ
ਨਵੀਂ ਦਿੱਲੀ: ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਪ੍ਰਦਰਸ਼ਨ ਕਰ ਰਹੇ ਭਲਵਾਨਾਂ ਦਾ ਮੰਨਣਾ ਹੈ ਕਿ ਸਰਕਾਰ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ.ਐਫ.ਆਈ.) ਦੇ ਪ੍ਰਧਾਨ ਜੋ ਕਿ ਉੱਤਰ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵੀ ਹਨ, ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਖੇਡ ਮੰਤਰੀ ਅਨੁਰਾਗ ਠਾਕੁਰ ਵੱਲੋਂ 7 ਜੂਨ ਨੂੰ ਬ੍ਰਿਜ ਭੂਸ਼ਣ ਵਿਰੁਧ 15 ਜੂਨ ਤਕ ਚਾਰਜਸ਼ੀਟ ਦਾਇਰ ਕਰਨ ਦਾ ਭਰੋਸਾ ਦਿਤੇ ਜਾਣ ਮਗਰੋਂ ਭਲਵਾਨਾਂ ਨੇ ਆਪਣਾ ਅੰਦੋਲਨ ਮੁਲਤਵੀ ਕਰ ਦਿਤਾ ਸੀ।
ਭਲਵਾਨ 23 ਅਪ੍ਰੈਲ ਤੋਂ ਡਬਲਯੂ.ਐੱਫ.ਆਈ. ਦੇ ਮੁਖੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਸਰਕਾਰ ਨੇ ਪਹਿਲਵਾਨਾਂ ਦੀਆਂ ਕਈ ਮੰਗਾਂ ਮੰਨ ਲਈਆਂ ਹਨ, ਜਿਸ ਵਿਚ ਇਹ ਵੀ ਸ਼ਾਮਲ ਹੈ ਕਿ ਬ੍ਰਿਜ ਭੂਸ਼ਣ ਦੇ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਸਹਿਯੋਗੀ ਨੂੰ ਆਉਣ ਵਾਲੀਆਂ ਡਬਲਯੂ.ਐਫ.ਆਈ. ਚੋਣਾਂ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਦੀ ਅਗਵਾਈ ’ਚ ਭਲਵਾਨਾਂ ਨੇ ਕਿਹਾ ਹੈ ਕਿ ਉਹ ਆਪਣਾ ਵਿਰੋਧ ਉਦੋਂ ਤੱਕ ਖਤਮ ਨਹੀਂ ਕਰਨਗੇ ਜਦੋਂ ਤਕ ਬ੍ਰਿਜ ਭੂ਼ਸਣ ਨੂੰ ਸਲਾਖਾਂ ਪਿੱਛੇ ਨਹੀਂ ਸੁੱਟਿਆ ਜਾਂਦਾ।
ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਵਿਨੇਸ਼ ਨੇ ਐਤਵਾਰ ਨੂੰ ਪੰਜਾਬ ਦੇ ਖਟਕੜ ਟੋਲ ਪਲਾਜ਼ਾ 'ਤੇ ਪੰਜਾਬ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਜਾਣ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਭਲਵਾਨਾਂ ਦੀ ਮੁਲਾਕਾਤ ਬਾਰੇ ਪੁੱਛੇ ਜਾਣ 'ਤੇ ਵਿਨੇਸ਼ ਨੇ ਕਿਹਾ, ‘‘ਉਨ੍ਹਾਂ ਨੇ ਕੁਝ ਪ੍ਰਸਤਾਵ ਰੱਖੇ ਸਨ ਕਿ ਉਹ ਸਾਡੇ ਲਈ ਇਹ ਕੁਝ ਕਰ ਸਕਦੇ ਹਨ, ਪਰ ਬ੍ਰਿਜ ਭੂਸ਼ਣ ਦੀ ਗ੍ਰਿਫਤਾਰੀ ਨੂੰ ਛੱਡ ਕੇ ਬਾਕੀ ਸਭ ਕੁਝ ਹੋ ਰਿਹਾ ਹੈ।’’
ਜਦੋਂ ਇਹ ਪੁੱਛਿਆ ਗਿਆ ਕਿ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਹੈ, ਭਲਵਾਨ ਨੇ ਕਿਹਾ, ‘‘ਇਹ ਤਾਂ ਤੁਸੀਂ ਅਮਿਤ ਸ਼ਾਹ ਤੋਂ ਪੁੱਛੋ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਹੈ। ਉਹ ਇੰਨਾ ਸ਼ਕਤੀਸ਼ਾਲੀ ਵਿਅਕਤੀ ਹੈ ਕਿ ਸਰਕਾਰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ 'ਚ ਉਸ ਨੂੰ ਗ੍ਰਿਫਤਾਰ ਕਰਨਾ ਆਸਾਨ ਨਹੀਂ ਹੈ ਪਰ ਅਸੀਂ ਆਪਣੀ ਲੜਾਈ ਜਾਰੀ ਰੱਖ ਰਹੇ ਹਾਂ।’’
ਪਹਿਲਵਾਨਾਂ ਦਾ ਪ੍ਰਦਰਸ਼ਨ ਸ਼ੁਰੂ ਹੋਏ ਕਰੀਬ ਛੇ ਮਹੀਨੇ ਹੋ ਗਏ ਹਨ ਪਰ ਉਨ੍ਹਾਂ ਦਾ ਵਿਰੋਧ ਜਾਰੀ ਹੈ। ਵਿਨੇਸ਼ ਨੇ ਕਿਹਾ ਕਿ ਉਹ ਨਹੀਂ ਦੱਸ ਸਕਦੀ ਕਿ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਕਦੋਂ ਖਤਮ ਹੋਵੇਗਾ।
ਉਨ੍ਹਾਂ ਕਿਹਾ, ‘‘ਜਿਸ ਦਿਨ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਅਸੀਂ ਵੀ ਆਪਣਾ ਵਿਰੋਧ ਖਤਮ ਕਰ ਦੇਵਾਂਗੇ। ਇਨਸਾਫ਼ ਮਿਲਣ ਵਿੱਚ ਦੇਰੀ ਹੋਣ ਦਾ ਕੀ ਫਾਇਦਾ।’’
ਪਹਿਲਵਾਨ ਨੇ ਕਿਹਾ, ''ਸਾਡੀ ਲੜਾਈ ਇਕ ਦਿਨ ਖਤਮ ਹੋ ਸਕਦੀ ਹੈ ਪਰ ਦੇਸ਼ ਦੇ ਬਜ਼ੁਰਗ ਨਾਗਰਿਕ ਅਜੇ ਵੀ ਲੜ ਰਹੇ ਹਨ। ਲੋਕ ਸ਼ਹੀਦ ਹੋ ਰਹੇ ਹਨ, ਲੋਕ ਦੁੱਖ ਵਿਚ ਹਨ, ਬੇਰੁਜ਼ਗਾਰੀ ਨੌਜਵਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਇਨ੍ਹਾਂ ਸਾਰੇ ਮੁੱਦਿਆਂ 'ਤੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ। ਸਰਕਾਰ ਨੂੰ ਪ੍ਰਦਰਸ਼ਨ ਕਰ ਰਹੇ ਲੋਕਾਂ ਦੀਆਂ ਮੰਗਾਂ ਨੂੰ ਸੁਣਨਾ ਚਾਹੀਦਾ ਹੈ। ਇਸ ਲਈ ਬਹੁਤ ਸਾਰੇ ਲੋਕ ਆਪਣੀ ਆਵਾਜ਼ ਬੁਲੰਦ ਕਰਨ ਲਈ ਅੱਗੇ ਆਏ ਹਨ। ਸਰਕਾਰ ਨੂੰ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।’’
ਜਦੋਂ ਵਿਨੇਸ਼ ਤੋਂ ਪੁੱਛਿਆ ਗਿਆ ਕਿ ਕੀ ਉਹ ਮਹਿਸੂਸ ਕਰਦੀ ਹੈ ਕਿ ਦੇਸ਼ ਵਿੱਚ ਲੋਕਤੰਤਰ ਦੀ ਬਜਾਏ ਰਾਜਤੰਤਰ ਦਾ ਪਾਲਣ ਕੀਤਾ ਜਾ ਰਿਹਾ ਹੈ, ਤਾਂ ਉਸਨੇ ਕਿਹਾ, ‘‘ਇਸ ਵਿੱਚ ਕੋਈ ਸ਼ੱਕ ਨਹੀਂ ਹੈ।’’
ਬਾਅਦ ਵਿਚ ਉਹ ਪਟਿਆਲਾ ਪਹੁੰਚੀ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਰੁਧ ਕਿਸਾਨਾਂ ਦੇ ਧਰਨੇ ਵਿਚ ਸ਼ਾਮਲ ਹੋ ਗਈ। ਯੂਨਾਈਟਿਡ ਕਿਸਾਨ ਮੋਰਚਾ (ਗੈਰ-ਸਿਆਸੀ) ਨਾਲ ਜੁੜੇ ਕਿਸਾਨ ਨਵੇਂ ਕੁਨੈਕਸ਼ਨ ਦੇਣ, ਬਕਾਇਆ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਵਿਚ ਦੇਰੀ ਅਤੇ ਸਮਾਰਟ ਮੀਟਰ ਲਗਾਉਣ ਵਿਚ ਹੋ ਰਹੀ ਦੇਰੀ ਦਾ ਵਿਰੋਧ ਕਰ ਰਹੇ ਹਨ।
ਕਈ ਕਿਸਾਨ ਜਥੇਬੰਦੀਆਂ ਨੇ ਭਲਵਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕੀਤਾ ਅਤੇ ਬਜਰੰਗ ਨੇ ਵੀ ਟਵਿੱਟਰ 'ਤੇ ਉਨ੍ਹਾਂ ਦੇ ਸਮਰਥਨ 'ਚ ਲਿਖ ਕੇ ਇਹ ਪੱਖ ਚੁਕਾਇਆ।
ਉਨ੍ਹਾਂ ਨੇ ਲਿਖਿਆ, ‘‘ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਹਨ। ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਸਾਰਾ ਸਾਲ ਖੇਤਾਂ ਵਿਚ ਸਖ਼ਤ ਮਿਹਨਤ ਕਰਦੇ ਹਨ। ਕੀ ਉਸ ਨੂੰ ਉਸ ਦੀ ਮਿਹਨਤ ਅਤੇ ਫਸਲ ਦਾ ਸਹੀ ਮੁੱਲ ਨਹੀਂ ਮਿਲਣਾ ਚਾਹੀਦਾ? ਅਸੀਂ ਇਸ ਸੰਘਰਸ਼ ਵਿੱਚ ਕਿਸਾਨਾਂ ਦੇ ਨਾਲ ਹਾਂ। ਅਸੀਂ ਇਨ੍ਹਾਂ ਪਰਿਵਾਰਾਂ ਵਿਚੋਂ ਹੀ ਆਏ ਹਾਂ।’’