
ਮੈਨੂੰ ਸੱਚਮੁੱਚ ਅਫ਼ਸੋਸ ਹੈ। ਮੈਂ ਮੁਆਫ਼ੀ ਮੰਗਦਾ ਹਾਂ। - ਕਾਮਰਾਨ ਅਕਮਲ
ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਨੇ ਸਿੱਖਾਂ ਲਈ ਕੀਤੇ ਅਪਣੇ ਭੱਦੇ ਬਿਆਨ ਲਈ ਮੁਆਫ਼ੀ ਮੰਗ ਲਈ ਹੈ ਤੇ ਇਸ ਦੇ ਨਾਲ ਹੀ ਕਾਮਰਾਨ ਅਕਮਲ 'ਤੇ ਭੱਜੀ ਨੇ ਵੀ ਗੁੱਸਾ ਕੱਢਿਆ ਹੈ। ਮੁਆਫ਼ੀ ਮੰਗਦੇ ਹੋਏ ਕਾਮਰਾਨ ਅਕਮਲ ਨੇ ਕਿਹਾ ਕਿ ਮੈਨੂੰ ਆਪਣੀਆਂ ਹਾਲੀਆ ਟਿੱਪਣੀਆਂ ਲਈ ਦਿਲੋਂ ਅਫ਼ਸੋਸ ਹੈ ਅਤੇ ਮੈਂ ਦਿਲੋਂ ਮੁਆਫ਼ੀ ਮੰਗਦਾ ਹਾਂ। ਮੇਰੇ ਸ਼ਬਦ ਅਣਉਚਿਤ ਅਤੇ ਅਪਮਾਨਜਨਕ ਸਨ। ਮੈਂ ਦੁਨੀਆ ਭਰ ਦੇ ਸਿੱਖਾਂ ਲਈ ਬਹੁਤ ਸਤਿਕਾਰ ਕਰਦਾ ਹਾਂ ਅਤੇ ਕਦੇ ਵੀ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਰੱਖਦਾ। ਮੈਨੂੰ ਸੱਚਮੁੱਚ ਅਫ਼ਸੋਸ ਹੈ। ਮੈਂ ਮੁਆਫ਼ੀ ਮੰਗਦਾ ਹਾਂ।
ਇਸ ਮੈਚ ਦੌਰਾਨ ਅਕਮਲ ਕਹਿੰਦੇ ਨਜ਼ਰ ਆ ਰਹੇ ਹਨ, 'ਦੇਖੋ ਅਰਸ਼ਦੀਪ ਸਿੰਘ ਨੇ ਆਖਰੀ ਓਵਰ ਕਰਨਾ ਹੈ। ਉਸ ਦੀ ਤਾਲ ਨਜ਼ਰ ਨਹੀਂ ਆਉਂਦੀ। ਪਰ ਕੁਝ ਵੀ ਹੋ ਸਕਦਾ ਹੈ... 12 ਵੱਜ ਗਏ ਹਨ।' ਇਹ ਕਹਿ ਕੇ ਅਕਮਲ ਹੱਸਣ ਲੱਗ ਪਿਆ। ਇਸ ਦੌਰਾਨ ਸ਼ੋਅ ਦੇ ਹੋਸਟ ਦਾ ਕਹਿਣਾ ਹੈ ਕਿ ਆਖਰੀ ਓਵਰ 'ਚ 16-17 ਦੌੜਾਂ ਕਾਫੀ ਹੋ ਸਕਦੀਆਂ ਹਨ। ਇਸ 'ਤੇ ਅਕਮਲ ਨੇ ਹੱਸਦੇ ਹੋਏ ਕਿਹਾ, 'ਕਿਸੇ ਸਿੱਖ ਨੂੰ 12 ਵਜੇ ਤੋਂ ਬਾਅਦ ਓਵਰ ਨਹੀਂ ਦੇਣਾ ਚਾਹੀਦਾ...' ਕਾਮਰਾਨ ਅਕਮਲ ਦੀ ਇਸ ਟਿੱਪਣੀ ਨੂੰ ਅਪਮਾਨਜਨਕ ਮੰਨਿਆ ਗਿਆ।
ਇਸ ਦੇ ਨਾਲ ਹੀ ਦੱਸ ਦਈਏ ਕਿ ਹਰਭਜਨ ਸਿੰਘ ਭੱਜੀ ਨੇ ਵੀ ਅਕਮਲ ਨੂੰ ਫਟਕਾਰ ਲਗਾਈ ਹੈ। ਹਰਭਜਨ ਸਿੰਘ ਨੇ ਲਿਖਿਆ ਕਿ ''ਲੱਖ ਦੀ ਲਾਹਨਤ ਤੇਰੇ ਕਾਮਰਾਨ ਅਕਮਲ, ਤੁਹਾਨੂੰ ਆਪਣੀ ਗੰਦੀ ਜ਼ੁਬਾਨ ਖੋਲ੍ਹਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ। ਸਿੱਖਾਂ ਨੇ ਤੁਹਾਡੀਆਂ ਮਾਵਾਂ-ਭੈਣਾਂ ਨੂੰ ਬਚਾਇਆ ਸੀ ਜਦੋਂ ਹਮਲਾਵਰਾਂ ਨੇ ਅਗਵਾ ਕੀਤਾ ਸੀ, ਸਮਾਂ ਰਾਤ ਦੇ 12 ਵਜੇ ਦੇ ਕਰੀਬ ਸੀ। ਕੁਝ ਸ਼ਰਮ ਕਰੋ।''