ਅਮੋਲ ਕਾਲੇ ਨੂੰ ਸਾਲ 2022 ਵਿਚ ਐਮਸੀਏ ਦਾ ਪ੍ਰਧਾਨ ਚੁਣਿਆ ਗਿਆ ਸੀ
Amol Kale Death: ਮੁੰਬਈ : ਕ੍ਰਿਕਟ ਜਗਤ ਲਈ ਦੁਖਦਾਈ ਖ਼ਬਰ ਹੈ। ਮੁੰਬਈ ਕ੍ਰਿਕਟ ਸੰਘ (MCA) ਦੇ ਪ੍ਰਧਾਨ ਅਮੋਲ ਕਾਲੇ ਦੀ ਨਿਊਯਾਰਕ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਅਮੋਲ ਭਾਰਤ-ਪਾਕਿਸਤਾਨ ਮੈਚ ਦੇਖਣ ਲਈ ਨਿਊਯਾਰਕ ਪਹੁੰਚੇ ਸਨ ਅਤੇ ਉਨ੍ਹਾਂ ਨਾਲ ਐਮਸੀਏ ਦੇ ਸਕੱਤਰ ਅਜਿੰਕਯ ਨਾਇਕ ਅਤੇ ਐਪੈਕਸ ਕੌਂਸਲ ਦੇ ਮੈਂਬਰ ਸੂਰਜ ਸਮਤ ਵੀ ਮੌਜੂਦ ਸਨ।
ਅਮੋਲ ਕਾਲੇ ਸਿਰਫ਼ 47 ਸਾਲ ਦੀ ਉਮਰ 'ਚ ਕ੍ਰਿਕਟ ਜਗਤ ਨੂੰ ਅਲਵਿਦਾ ਕਹਿ ਗਏ ਹਨ। ਅਮੋਲ ਮੂਲ ਰੂਪ ਵਿਚ ਨਾਗਪੁਰ ਦਾ ਰਹਿਣ ਵਾਲਾ ਸੀ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਉਹਨਾਂ ਦਾ ਬਹੁਤ ਨਜ਼ਦੀਕੀ ਸਬੰਧ ਸੀ। ਅਮੋਲ ਕਾਲੇ ਨੂੰ ਸਾਲ 2022 ਵਿਚ ਐਮਸੀਏ ਦਾ ਪ੍ਰਧਾਨ ਚੁਣਿਆ ਗਿਆ ਸੀ। ਉਨ੍ਹਾਂ ਦੀ ਪ੍ਰਧਾਨਗੀ ਹੇਠ ਵਾਨਖੇੜੇ ਸਟੇਡੀਅਮ ਨੇ 2023 ਵਨਡੇ ਕ੍ਰਿਕਟ ਵਰਲਡ ਕੱਪ ਦੇ ਫਾਈਨਲ ਮੈਚ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕੀਤੀ। ਆਪਣੇ ਅੰਡਰ-ਘਰੇਲੂ ਕ੍ਰਿਕਟ ਵਿਚ ਵੀ ਮੁੰਬਈ ਦੀ ਟੀਮ ਨੇ ਕਾਫ਼ੀ ਸਫ਼ਲਤਾ ਹਾਸਲ ਕੀਤੀ।
ਹਾਲ ਹੀ ਵਿਚ, ਮੁੰਬਈ ਨੇ ਫਾਈਨਲ ਵਿਚ ਵਿਦਰਭ ਨੂੰ 169 ਦੌੜਾਂ ਨਾਲ ਹਰਾ ਕੇ ਰਣਜੀ ਟਰਾਫੀ 2023-2024 ਸੀਜ਼ਨ ਜਿੱਤਿਆ। ਦੱਸ ਦਈਏ ਕਿ ਅਮੋਲ ਦੀ ਅਗਵਾਈ 'ਚ ਐਮਸੀਏ ਨੇ ਘਰੇਲੂ ਖਿਡਾਰੀਆਂ ਦੀ ਤਨਖਾਹ ਦੁੱਗਣੀ ਕਰਨ ਦਾ ਫੈਸਲਾ ਕੀਤਾ ਸੀ। ਉਸਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਸਚਿਨ ਤੇਂਦੁਲਕਰ ਦਾ ਬੁੱਤ ਵੀ ਬਣਾਇਆ ਹੈ।