
ਕੇ.ਵੀ. ਸਿੰਘਦੇਵ ਅਤੇ ਪ੍ਰਭਾਤੀ ਪਰੀਦਾ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ
ਭੁਵਨੇਸ਼ਵਰ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਦਿਵਾਸੀ ਨੇਤਾ ਅਤੇ ਚਾਰ ਵਾਰ ਵਿਧਾਇਕ ਰਹੇ ਮੋਹਨ ਚਰਨ ਮਾਝੀ ਓਡੀਸ਼ਾ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪਾਰਟੀ ਸੂਬੇ ’ਚ ਵਿਧਾਨ ਸਭਾ ਚੋਣਾਂ ’ਚ ਸਪੱਸ਼ਟ ਫਤਵੇ ਨਾਲ ਸੱਤਾ ’ਚ ਆਈ ਹੈ। ਭਾਰਤੀ ਜਨਤਾ ਪਾਰਟੀ ਦੇ ਸੱਤਾ ’ਚ ਆਉਣ ਦੇ ਨਾਲ ਹੀ ਸੂਬੇ ’ਚ ਬੀਜੂ ਜਨਤਾ ਦਲ (ਬੀ.ਜੇ.ਡੀ.) ਦਾ 24 ਸਾਲਾਂ ਦਾ ਸ਼ਾਸਨ ਖਤਮ ਹੋ ਗਿਆ।
ਮਾਝੀ ਦੇ ਨਾਮ ਦਾ ਐਲਾਨ ਕਰਦਿਆਂ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਕੇ.ਵੀ. ਸਿੰਘਦੇਵ ਅਤੇ ਪ੍ਰਭਾਤੀ ਪਰੀਦਾ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ। ਇਹ ਫੈਸਲੇ ਭਾਜਪਾ ਵਿਧਾਇਕ ਦਲ ਦੀ ਮੀਟਿੰਗ ’ਚ ਲਏ ਗਏ ਜਿਸ ’ਚ ਸਿੰਘਦੇਵ ਅਤੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਨਿਗਰਾਨ ਵਜੋਂ ਸ਼ਾਮਲ ਹੋਏ। ਮੀਟਿੰਗ ’ਚ 52 ਸਾਲ ਦੇ ਮਾਝੀ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਮਾਝੀ ਬੀ.ਜੇ.ਡੀ. ਸੁਪਰੀਮੋ ਨਵੀਨ ਪਟਨਾਇਕ ਦੀ ਥਾਂ ਲੈਣਗੇ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਸ਼੍ਰੀ ਮੋਹਨ ਚਰਨ ਮਾਝੀ ਨੂੰ ਸਰਬਸੰਮਤੀ ਨਾਲ ਓਡੀਸ਼ਾ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਉਹ ਇਕ ਨੌਜੁਆਨ ਅਤੇ ਗਤੀਸ਼ੀਲ ਪਾਰਟੀ ਵਰਕਰ ਹਨ ਜੋ ਓਡੀਸ਼ਾ ਦੇ ਨਵੇਂ ਮੁੱਖ ਮੰਤਰੀ ਵਜੋਂ ਰਾਜ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ’ਤੇ ਅੱਗੇ ਲੈ ਜਾਣਗੇ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ।’’
ਪਿਛਲੀ ਵਿਧਾਨ ਸਭਾ ’ਚ ਭਾਜਪਾ ਦੇ ਚੀਫ ਵ੍ਹਿਪ ਰਹੇ ਸਿੰਘਦੇਵ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਚੌਥੀ ਵਾਰ ਵਿਧਾਨ ਸਭਾ ਲਈ ਚੁਣੇ ਗਏ ਸਨ। ਉਸ ਨੇ ਕਿਓਂਝਾਰ ਵਿਧਾਨ ਸਭਾ ਹਲਕੇ ਤੋਂ ਬੀ.ਜੇ.ਡੀ. ਦੀ ਮੀਨਾ ਮਾਝੀ ਨੂੰ ਹਰਾਇਆ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਬੁਧਵਾਰ ਨੂੰ ਜਨਤਾ ਮੈਦਾਨ ’ਚ ਮਾਂਝੀ ਸਰਕਾਰ ਦੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਲ ਹੋ ਸਕਦੇ ਹਨ।
147 ਮੈਂਬਰੀ ਓਡੀਸ਼ਾ ਵਿਧਾਨ ਸਭਾ ’ਚ ਭਾਜਪਾ ਨੇ 78 ਸੀਟਾਂ ਜਿੱਤੀਆਂ ਜਦਕਿ ਬੀ.ਜੇ.ਡੀ. ਨੇ 51 ਸੀਟਾਂ ਜਿੱਤੀਆਂ। ਬੀ.ਜੇ.ਡੀ. ਅਤੇ ਭਾਜਪਾ 1998 ਤੋਂ 2009 ਤਕ 11 ਸਾਲਾਂ ਲਈ ਗਠਜੋੜ ’ਚ ਸਨ ਅਤੇ ਤਿੰਨ ਲੋਕ ਸਭਾ ਅਤੇ ਦੋ ਵਿਧਾਨ ਸਭਾ ਚੋਣਾਂ ਇਕੱਠੇ ਲੜੀਆਂ ਸਨ। ਪਟਨਾਇਕ ਨੇ 2009 ਦੀਆਂ ਆਮ ਚੋਣਾਂ ਤੋਂ ਪਹਿਲਾਂ ਕੰਧਮਾਲ ਦੰਗਿਆਂ ਤੋਂ ਕੁੱਝ ਮਹੀਨਿਆਂ ਬਾਅਦ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ।
ਮੋਹਨ ਚਰਨ ਮਾਝੀ (52) ਨੇ ਕਿਓਂਝਾਰ ਹਲਕੇ ਤੋਂ ਬੀ.ਜੇ.ਡੀ. ਦੀ ਮੀਨਾ ਮਾਝੀ ਨੂੰ 11,577 ਵੋਟਾਂ ਨਾਲ ਹਰਾਇਆ। ਉਹ ਪਿਛਲੀ ਸਰਕਾਰ ’ਚ ਭਾਜਪਾ ਦੇ ਚੀਫ ਵ੍ਹਿਪ ਸਨ। ਉਨ੍ਹਾਂ ਨੇ ਚੌਥੀ ਵਾਰ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ।
ਕੇ.ਵੀ. ਸਿੰਘ ਨੂੰ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਸਿੰਘਦੇਵ ਨੇ ਪਟਨਾ ਤੋਂ ਬੀਜੇਡੀ ਦੇ ਸਰੋਜ ਕੁਮਾਰ ਮੇਹਰ ਨੂੰ 1,357 ਵੋਟਾਂ ਨਾਲ ਹਰਾਇਆ, ਜਦਕਿ ਇਕ ਹੋਰ ਉਪ ਮੁੱਖ ਮੰਤਰੀ ਪ੍ਰਭਾਤੀ ਪਰੀਦਾ ਨੇ ਨਿਮਾਪਾਰਾ ਤੋਂ ਬੀ.ਜੇ.ਡੀ. ਦੇ ਦਿਲੀਪ ਕੁਮਾਰ ਨਾਇਕ ਨੂੰ 4,588 ਵੋਟਾਂ ਨਾਲ ਹਰਾਇਆ। ਨਵੀਂ ਸਰਕਾਰ ਬੁਧਵਾਰ ਨੂੰ ਇੱਥੇ ਜਨਤਾ ਮੈਦਾਨ ’ਚ ਸਹੁੰ ਚੁੱਕੇਗੀ।
ਮੋਹਨ ਮਾਝੀ: ਪਿੰਡ ਦੇ ਸਰਪੰਚ ਤੋਂ ਓਡੀਸ਼ਾ ਦੇ ਮੁੱਖ ਮੰਤਰੀ ਤਕ
ਭੁਵਨੇਸ਼ਵਰ: ਓਡੀਸ਼ਾ ਦੇ 15ਵੇਂ ਮੁੱਖ ਮੰਤਰੀ ਵਜੋਂ ਨਾਮਜ਼ਦ ਭਾਜਪਾ ਦੇ ਆਦਿਵਾਸੀ ਨੇਤਾ ਮੋਹਨ ਚਰਨ ਮਾਝੀ ਨੇ ਲਗਭਗ ਤਿੰਨ ਦਹਾਕੇ ਪਹਿਲਾਂ ਪਿੰਡ ਦੇ ਸਰਪੰਚ ਵਜੋਂ ਅਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।
ਆਦਿਵਾਸੀ ਬਹੁਲ ਅਤੇ ਖਣਿਜ ਪਦਾਰਥਾਂ ਨਾਲ ਭਰਪੂਰ ਕਿਓਂਝਾਰ ਜ਼ਿਲ੍ਹੇ ਦੇ ਰਾਏਕਲਾ ਪਿੰਡ ਦੇ ਚੌਕੀਦਾਰ ਦੇ ਬੇਟੇ ਮਾਝੀ (52) ਚਾਰ ਵਾਰ 2000, 2004, 2019 ਅਤੇ 2024 ਵਾਰ ਓਡੀਸ਼ਾ ਵਿਧਾਨ ਸਭਾ ਲਈ ਚੁਣੇ ਗਏ ਹਨ।
ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਮਾਝੀ ਨੇ 1997 ਤੋਂ 2000 ਤਕ ਸਰਪੰਚ ਵਜੋਂ ਸੇਵਾ ਨਿਭਾਈ। 2000 ’ਚ ਕਿਓਂਝਾਰ ਤੋਂ ਵਿਧਾਇਕ ਚੁਣੇ ਜਾਣ ਤੋਂ ਪਹਿਲਾਂ, ਮਾਝੀ ਭਾਜਪਾ ਦੇ ਆਦਿਵਾਸੀ ਮੋਰਚਾ ਦੇ ਸਕੱਤਰ ਵੀ ਸਨ।
ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਮੋਹਨ ਮਾਝੀ ਨੇ ਬੀ.ਜੇ.ਡੀ. ਦੀ ਮੀਨਾ ਮਾਝੀ ਨੂੰ ਹਰਾ ਕੇ ਕਿਓਂਝਾਰ ਸੀਟ ਬਰਕਰਾਰ ਰੱਖੀ ਸੀ। ਉਹ ਪਿਛਲੀ ਓਡੀਸ਼ਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਚੀਫ ਵ੍ਹਿਪ ਸਨ ਅਤੇ ਕਈ ਮਹੱਤਵਪੂਰਨ ਮੁੱਦਿਆਂ ’ਤੇ ਬੀਜੇਡੀ ਸਰਕਾਰ ਦੇ ਵਿਰੁਧ ਆਵਾਜ਼ ਉਠਾਉਂਦੇ ਰਹੇ ਸਨ।
ਮਾਝੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਪਣੀ ਪਹਿਲੀ ਪ੍ਰਤੀਕਿਰਿਆ ’ਚ ਕਿਹਾ, ‘‘ਭਗਵਾਨ ਜਗਨਨਾਥ ਦੇ ਆਸ਼ੀਰਵਾਦ ਨਾਲ ਭਾਜਪਾ ਨੇ ਓਡੀਸ਼ਾ ’ਚ ਬਹੁਮਤ ਹਾਸਲ ਕੀਤਾ ਹੈ ਅਤੇ ਉਹ ਸੂਬੇ ’ਚ ਸਰਕਾਰ ਬਣਾਉਣ ਜਾ ਰਹੀ ਹੈ। ਮੈਂ ਰਾਜ ਦੇ 4.5 ਕਰੋੜ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਤਬਦੀਲੀ ਲਈ ਵੋਟ ਦਿਤੀ।’’ ਮਾਝੀ ਨੇ ਕਿਹਾ ਕਿ ਭਾਜਪਾ ਓਡੀਸ਼ਾ ਦੇ ਲੋਕਾਂ ਦੇ ਵਿਸ਼ਵਾਸ ਦਾ ਸਨਮਾਨ ਕਰੇਗੀ।