
ਆਖ਼ਰੀ ਪੰਜ ਹੈਲੀਕਾਪਟਰ ਭਾਰਤੀ ਹਵਾਈ ਫ਼ੌਜ ਨੂੰ ਸੌਂਪੇ
ਨਵੀਂ ਦਿੱਲੀ, 10 ਜੁਲਾਈ : ਚੀਨ ਨਾਲ ਸਰਹੱਦ ’ਤੇ ਤਣਾਅ ਵਿਚਾਲੇ ਉਘੀ ਅਮਰੀਕੀ ਏਅਰੋਸਪੇਸ ਕੰਪਨੀ ਬੋਇੰਗ ਨੇ ਪਿਛਲੇ ਮਹੀਨੇ 22 ਅਪਾਚੇ ਲੜਾਕੂ ਹੈਲੀਕਾਪਟਰਾਂ ਵਿਚੋਂ ਆਖ਼ਰੀ ਪੰਜ ਹੈਲੀਕਾਪਟਰ ਭਾਰਤੀ ਹਵਾਈ ਫ਼ੌਜ ਨੂੰ ਸੌਂਪ ਦਿਤੇ ਅਤੇ ਇਹ ਫ਼ਲੀਟ ਹੁਣ ਅਸਲ ਕੰਟਰੋਲ ਰੇਖਾ ਲਾਗੇ ਪ੍ਰਮੁੱਖ ਹਵਾਈ ਟਿਕਾਣਿਆਂ ’ਤੇ ਤੈਨਾਤ ਜਹਾਜ਼ਾਂ ਦਾ ਹਿੱਸਾ ਬਣ ਗਿਆ ਹੈ।
ਬੋਇੰਗ ਨੇ ਕਿਹਾ ਕਿ ਇਸ ਨੇ ਸਾਰੇ 22 ਅਪਾਚੇ ਹੈਲੀਕਾਪਟਰਾਂ ਅਤੇ 15 ਚਿਕੂਨ ਫ਼ੌਜੀ ਹੈਲੀਕਾਪਟਰਾਂ ਦੀ ਸਪਲਾਈ ਪੂਰੀ ਕਰ ਦਿਤੀ ਹੈ। ਏਐਚ64ਈ ਅਪਾਚੇ ਦੁਨੀਆਂ ਦੇ ਸੱਭ ਤੋਂ ਉਨਤ ਬਹੁਉਦੇਸ਼ੀ ਲੜਾਕੂ ਹੈਲੀਕਾਪਟਰਾਂ ਵਿਚੋਂ ਇਕ ਹੈ ਅਤੇ ਇਸ ਨੂੰ ਅਮਰੀਕੀ ਫ਼ੌਜ ਦੁਆਰਾ ਉਡਾਇਆ ਜਾਂਦਾ ਹੈ। ਭਾਰਤ ਨੇ ਸਤੰਬਰ 2015 ਵਿਚ ਭਾਰਤੀ ਹਵਾਈ ਫ਼ੌਜ ਲਈ 22 ਅਪਾਚੇ ਹੈਲੀਕਾਪਟਰਾਂ ਅਤੇ 15 ਚਿਨੂਕ ਹੈਲੀਕਾਪਟਰਾਂ ਦੀ ਖ਼ਰੀਦ ਲਈ ਬੋਇੰਗ ਨਾਲ ਕਈ ਅਰਬ ਡਾਲਰਾਂ ਦਾ ਸੌਦਾ ਕੀਤਾ ਸੀ।
File Photo
ਬੋਇੰਗ ਡਿਫ਼ੈਂਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਆਹੂਜਾ ਨੇ ਕਿਹਾ, ‘ਫ਼ੌਜੀ ਹੈਲੀਕਾਪਟਰਾਂ ਦੀ ਇਸ ਸਪਲਾਈ ਨਾਲ ਅਸੀਂ ਇਸ ਭਾਈਵਾਲੀ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ। ਅਸੀਂ ਭਾਰਤ ਦੇ ਰਖਿਆ ਬਲਾਂ ਦੀਆਂ ਸੰਚਾਲਣ ਲੋੜਾਂ ਨੂ ੰਪੂਰਾ ਕਰਨ ਲਈ ਪ੍ਰਤੀਬੱਧ ਹਾਂ।’ ਜੂਨ 2016 ਵਿਚ ਅਮਰੀਕਾ ਨੇ ਭਾਰਤ ਨੂੰ ਅਹਿਮ ਰਖਿਆ ਭਾਈਵਾਲ ਦਾ ਦਰਜਾ ਦਿਤਾ ਸੀ। ਬੋਇੰਗ ਨੇ ਕਿਹਾ ਕਿ ਅਪਾਚੇ ਵਿਚ ਟੀਚੇ ਦਾ ਪਤਾ ਲਾਉਣ ਦੀ ਆਧੁਨਿਕ ਪ੍ਰਣਾਲੀ ਲੱਗੀ ਹੋੲਂ ਹੈ ਜੋ ਦਿਨ ਅਤੇ ਰਾਤ ਦੋਵੇਂ ਸਮੇਂ ਕੰਮ ਕਰਦੀ ਹੈ। (ਏਜੰਸੀ)