
ਵਿਰੋਧੀ ਦਲਾਂ ਨੂੰ ਖ਼ਦਸ਼ਾ ਕਿ ਕੁੱਝ ਵੱਡੇ ਲੀਡਰਾਂ ਦੇ ਭੇਤ ਬਾਹਰ ਆਉਣੋਂ ਰੋਕਣ ਲਈ 'ਪੁਲਿਸ ਮੁਕਾਬਲਾ' ਬਣਾ ਦਿਤਾ ਗਿਆ
ਕਾਨਪੁਰ, 10 ਜੁਲਾਈ : ਅਪਰਾਧੀ ਅਤੇ ਕਾਨਪੁਰ ਦੇ ਬਿਕਰੂ ਪਿੰਡ ਵਿਚ ਅੱਠ ਪੁਲਿਸ ਮੁਲਾਜ਼ਮਾਂ ਦੀ ਹਤਿਆ ਦੇ ਮਾਮਲੇ ਦਾ ਮੁੱਖ ਮੁਲਜ਼ਮ ਵਿਕਾਸ ਦੁਬੇ ਸ਼ੁਕਰਵਾਰ ਸਵੇਰੇ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਜਦ ਉਹ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਮੁਤਾਬਕ ਉਜੈਨ ਤੋਂ ਕਾਨਪੁਰ ਲਿਆਉਂਦੇ ਸਮੇਂ ਵਾਪਰੇ ਸੜਕ ਹਾਦਸੇ ਵਿਚ ਪੁਲਿਸ ਦੀ ਗੱਡੀ ਪਲਟ ਜਾਣ ਮਗਰੋਂ ਦੁਬੇ ਨੇ ਭੱਜਣ ਦਾ ਯਤਨ ਕੀਤਾ।
File Photo
ਕਾਨਪੁਰ ਦੇ ਪੁਲਿਸ ਮੁਖੀ ਮੋਹਿਤ ਅਗਰਵਾਲ ਨੇ ਦਸਿਆ ਕਿ ਸੜਕ ਹਾਦਸੇ ਮਗਰੋਂ ਦੁਬੇ ਨੇ ਮੌਕੇ ਤੋਂ ਭੱਜਣ ਦਾ ਯਤਨ ਕੀਤਾ ਜਿਸ ਤੋਂ ਬਾਅਦ ਹੋਏ ਮੁਕਾਬਲੇ ਵਿਚ ਉਹ ਮਾਰਿਆ ਗਿਆ। ਪੁਲਿਸ ਦੀ ਗੱਡੀ ਜਿਸ ਵਿਚ ਦੁਬੇ ਸਵਾਰ ਸੀ, ਪਲਟ ਜਾਣ ਨਾਲ ਚਾਰ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।
ਸੜਕ ਹਾਦਸਾ ਸਵੇਰੇ ਕਾਨਪੁਰ ਦੇ ਭੌਤੀ ਇਲਾਕੇ ਵਿਚ ਵਾਪਰਿਆ ਜਦ ਤੇਜ਼ ਮੀਂਹ ਪੈ ਰਿਹਾ ਸੀ। ਪੁਲਿਸ ਨੇ ਗੱਡੀ ਤੇਜ਼ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਉਹ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਮੌਕੇ ਦਾ ਫ਼ਾਇਦਾ ਲੈ ਕੇ ਦੁਬੇ ਨੇ ਪੁਲਿਸ ਦੇ ਜਵਾਨ ਦੀ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਕੁੱਝ ਦੂਰ ਭੱਜ ਵੀ ਗਿਆ। ਪੁਲਿਸ ਮੁਤਾਬਕ ਐਸਟੀਐਫ਼ ਦੇ ਜਵਾਨਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਜਵਾਨਾਂ 'ਤੇ ਗੋਲੀ ਚਲਾ ਦਿਤੀ ਜਿਸ ਦੇ ਜਵਾਬ ਵਿਚ ਜਵਾਨਾਂ ਨੇ ਵੀ ਗੋਲੀ ਚਲਾਈ ਅਤੇ ਉਹ ਜ਼ਖ਼ਮੀ ਹੋ ਕੇ ਡਿੱਗ ਪਿਆ। ਜਵਾਨ ਉਸ ਨੂੰ ਹਸਪਤਾਲ ਲੈ ਗਏ ਜਿਥੇ ਉਸ ਦੀ ਮੌਤ ਹੋ ਗਈ।
File Photo
ਕਾਨਪੁਰ ਦੇ ਏਡੀਜੀ ਜੇ ਐਨ ਸਿੰਘ ਨੇ ਦਸਿਆ ਕਿ ਮੁਕਾਬਲੇ ਵਿਚ ਦੁਬੇ ਜ਼ਖ਼ਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹੈਲਟ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਡਾਕਟਰਾਂ ਨੇ ਦਸਿਆ ਕਿ ਦੁਬੇ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਦੇ ਪੂਰੇ ਸਰੀਰ 'ਤੇ ਚਾਰ ਜ਼ਖ਼ਮ ਦਿਸੇ, ਜਿਨ੍ਹਾਂ ਵਿਚੋਂ ਤਿੰਨ ਛਾਤੀ 'ਤੇ ਅਤੇ ਇਕ ਹੱਥ ਵਿਚ ਸੀ। ਦੁਬੇ ਦਾ ਕੋਰੋਨਾ ਵਾਇਰਸ ਟੈਸਟ ਵੀ ਕਰਵਾਇਆ ਗਿਆ ਜਿਸ ਦੀ ਜਾਂਚ ਰੀਪੋਰਟ ਨੈਗੇਟਿਵ ਆਈ ਹੈ। ਇਸ ਦੌਰਾਨ ਪੁਲਿਸ ਨੇ ਦੁਬੇ ਦੀ ਪਤਨੀ ਅਤੇ ਬੱਚੇ ਨੂੰ ਰਿਹਾਅ ਕਰ ਦਿਤਾ ਹੈ। ਇਨ੍ਹਾਂ ਦੋਹਾਂ ਨੂੰ ਕਲ ਹਿਰਾਸਤ ਿਵਚ ਲਿਆ ਗਿਆ ਸੀ।
(ਏਜੰਸੀ)
File Photo
ਕਾਰ ਪਲਟੀ ਨਹੀਂ ਸਗੋਂ ਸਰਕਾਰ ਪਲਟਣ ਤੋਂ ਬਚ ਗਈ : ਅਖਿਲੇਸ਼
ਲਖਨਊ, 10 ਜੁਲਾਈ : ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਾਨਪੁਰ ਮੁਕਾਬਲੇ ਬਾਰੇ ਟਿਪਣੀ ਕਰਦਿਆਂ ਕਿਹਾ ਕਿ ਵਿਕਾਸ ਦੁਬੇ ਦੀ ਕਾਰ ਪਲਟੀ ਨਹੀਂ ਸਗੋਂ ਰਾਜ਼ ਖੁਲ੍ਹਣ ਨਾਲ ਸਰਕਾਰ ਪਲਟਣ ਤੋਂ ਬਚਾ ਲਈ ਗਈ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੁਬੇ ਕਈ ਰਾਜ਼ ਜਾਣਦਾ ਸੀ ਜਿਸ ਨੂੰ ਖ਼ਤਮ ਕਰ ਦਿਤਾ ਗਿਆ ਤਾਕਿ ਸਚਾਈ ਹਮੇਸ਼ਾ ਲਈ ਦੱਬ ਜਾਵੇ। (ਏਜੰਸੀ)
ਕਾਨਪੁਰ ਕਾਂਡ ਦੀ ਜੱਜ ਦੀ ਨਿਗਰਾਨੀ ਹੇਠ ਜਾਂਚ ਹੋਵੇ : ਕਾਂਗਰਸ
ਵਿਕਾਸ ਦੁਬੇ ਨੂੰ ਸ਼ਹਿ ਦੇਣ ਵਾਲਿਆਂ ਦਾ ਸੱਚ ਸਾਹਮਣੇ ਆਵੇ : ਪ੍ਰਿਯੰਕਾ
ਨਵੀਂ ਦਿੱਲੀ, 10 ਜੁਲਾਈ : ਕਾਂਗਰਸ ਨੇ ਯੂਪੀ ਦੇ ਕਾਨਪੁਰ ਵਿਚ ਅੱਠ ਪੁਲਿਸ ਮੁਲਾਜ਼ਮਾਂ ਦੀ ਹਤਿਆ ਦੇ ਮੁਲਜ਼ਮ ਵਿਕਾਸ ਦੁਬੇ ਦੇ ਮੁਕਾਬਲੇ ਵਿਚ ਮਾਰੇ ਜਾਣ ਮਗਰੋਂ ਕਿਹਾ ਕਿ ਕਾਨਪੁਰ ਘਟਨਾਕ੍ਰਮ ਦੀ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਨਿਆਇਕ ਜਾਂਚ ਕਰਾਈ ਜਾਵੇ ਤਾਕਿ ਸਚਾਈ ਲੋਕਾਂ ਸਾਹਮਣੇ ਆ ਸਕੇ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਵਿਕਾਸ ਜਿਹੇ ਅਪਰਾਧੀਆਂ ਨੂੰ ਸ਼ਹਿ ਦੇਣ ਵਾਲਿਆਂ ਦੀ ਅਸਲੀਅਤ ਸਾਹਮਣੇ ਆਉਣੀ ਚਾਹਦੀ ਹੈ ਤਦ ਹੀ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੇ ਪਰਵਾਰਾਂ ਨੂੰ ਇਨਸਾਫ਼ ਮਿਲ ਸਕੇਗਾ।
File Photo
ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਾਇਰਾਨਾ ਅੰਦਾਜ਼ ਵਿਚ ਵਿਅੰਗ ਕਸਦਿਆਂ ਕਿਹਾ, 'ਕਈ ਜਵਾਬੋਂ ਸੇ ਅੱਛੀ ਹੈ ਖ਼ਾਮੋਸ਼ੀ ਉਸਕੀ, ਨਾ ਜਾਨੇ ਕਿਤਨੇ ਸਵਾਲੋਂ ਕੀ ਆਬਰੂ ਰੱਖ ਲੀ'। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ ਕਿ ਵਿਕਾਸ ਤਾਂ ਜਥੇਬੰਦਕ ਅਪਰਾਧ ਦਾ ਮਹਿਜ਼ ਮੋਹਰਾ ਸੀ ਪਰ ਉਸ ਜਥੇਬੰਦਕ ਅਪਰਾਧ ਦੇ ਸਰਗਣੇ ਕੌਣ-ਕੌਣ ਹਨ? ਕਾਗਰਸ ਦੀ ਯੂਪੀ ਮਾਮਲਿਆਂ ਦੀ ਇੰਚਾਰਜ ਗਾਂਧੀ ਨੇ ਕਿਹ, 'ਭਾਜਪਾ ਨੇ ਯੂਪੀ ਨੂੰ ਅਪਰਾਧ ਸੂਬੇ ਵਿਚ ਬਦਲ ਦਿਤਾ ਹੈ।
ਉਸ ਦੀ ਅਪਣੀ ਸਰਕਾਰ ਦੇ ਅੰਕੜਿਆਂ ਮੁਤਾਬਕ ਯੂਪੀ ਬੱਚਿਆਂ ਵਿਰੁਧ ਅਪਰਾਧ ਦੇ ਮਾਮਲਿਆਂ ਵਿਚ ਸੱਭ ਤੋਂ ਉਪਰ ਹੈ। ਔਰਤਾਂ ਵਿਰੁਧ ਅਪਰਾਧ ਵਿਚ ਸੱਭ ਤੋਂ ਉਪਰ ਹੈ, ਦਲਿਤਾਂ ਵਿਰੁਧ ਅਪਰਾਧ ਵਿਚ ਸੱਭ ਤੋਂ ਉਪਰ ਹੈ, ਨਾਜਾਇਜ਼ ਹਥਿਆਰਾਂ ਦੇ ਮਾਮਲਿਆਂ ਵਿਚ ਸੱਭ ਤੋਂ ਅੱਗੇ ਹੈ, ਹਤਿਆਵਾਂ ਵਿਚ ਸੱਭ ਤੋਂ ਉਪਰ ਹੈ।' ਉਨ੍ਹਾਂ ਦਾਅਵਾ ਕੀਤਾ ਕਿ ਯੂਪੀ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜ ਗਈ ਹੈ। ਇਸ ਹਾਲਤ ਵਿਚ ਵਿਕਾਸ ਦੁਬੇ ਜਿਹੇ ਅਪਰਾਧੀ ਵਧ-ਫੁਲ ਰਹੇ ਹਨ। ਇਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ। ਪੂਰਾ ਸੂਬਾ ਜਾਣਦਾ ਹੈ ਕਿ ਇਨ੍ਹਾਂ ਨੂੰ ਰਾਜਸੀ ਅਤੇ ਸੱਤਾ ਦੀ ਸ਼ਹਿ ਮਿਲਦੀ ਹੈ। (ਏਜੰਸੀ)