
ਭਾਰੀ ਮੀਂਹ ਕਾਰਨ ਇਲਾਕੇ ਦੇ ਕੁਝ ਪੁਰਾਣੇ ਮਕਾਨ ਵੀ ਕਾਫ਼ੀ ਨੁਕਸਾਨੇ ਗਏ ਹਨ।
ਲੇਹ: ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੇਹ ਸ਼ਹਿਰ ਦੇ ਖਾਰਯੂਕ ਇਲਾਕੇ ਵਿਚ ਬੀਤੀ ਸ਼ਾਮ ਨੂੰ ਲਗਾਤਾਰ ਪੈ ਰਹੇ ਮੀਂਹ ਕਾਰਨ ਇਕ 450 ਸਾਲ ਪੁਰਾਣੀ ਇਮਾਰਤ ਢਹਿ ਢੇਰੀ ਹੋ ਗਈ। ਸਥਾਨਕ ਵਾਸੀ ਹੈਦਰ ਨੇ ਦੱਸਿਆ ਕਿ ਇਹ ਇਮਾਰਤ ਕਰੀਬ 450 ਸਾਲ ਪੁਰਾਣੀ ਸੀ। ਇਹ ਇਮਾਰਤ ਮੁੱਖ ਤੌਰ 'ਤੇ ਇਲਾਕੇ 'ਚ ਭਾਰੀ ਬਾਰਸ਼ ਕਾਰਨ ਢਹਿ ਗਈ। ਹੈਦਰ ਨੇ ਅੱਗੇ ਦੱਸਿਆ ਕਿ ਭਾਰੀ ਮੀਂਹ ਕਾਰਨ ਇਲਾਕੇ ਦੇ ਕੁਝ ਪੁਰਾਣੇ ਮਕਾਨ ਵੀ ਕਾਫ਼ੀ ਨੁਕਸਾਨੇ ਗਏ ਹਨ।
9 ਘੰਟਿਆਂ 'ਚ 14.5 ਐਮਐਮ ਪਿਆ ਮੀਂਹ: ਆਈਐਮਡੀ ਦੇ ਅਨੁਸਾਰ ਲੇਹ ਵਿਚ ਐਤਵਾਰ ਨੂੰ ਪਿਛਲੇ 9 ਘੰਟਿਆਂ ਦੌਰਾਨ 14.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਹੈਦਰ ਨੇ ਦੱਸਿਆ ਕਿ ਇਸ ਵਾਰ ਕੁਝ ਦੇਰ ਲਈ ਮੀਂਹ ਪਿਆ ਜਿਸ ਕਾਰਨ ਪੁਰਾਣੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਕਮਰਿਆਂ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ 2010 ਵਿਚ ਬੱਦਲ ਫਟ ਗਏ ਸਨ, ਪਰ ਉਸ ਸਮੇਂ ਇੰਨਾ ਨੁਕਸਾਨ ਨਹੀਂ ਹੋਇਆ ਸੀ। ਹਾਲਾਂਕਿ ਇਸ ਵਾਰ ਪੁਰਾਣੀਆਂ ਇਮਾਰਤਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਮੈਟਰੋਲੋਜੀਕਲ ਸੈਂਟਰ ਲੱਦਾਖ ਨੇ ਐਤਵਾਰ ਨੂੰ ਕਿਹਾ ਕਿ ਖੇਤਰ ਦੇ ਉੱਚੇ ਖੇਤਰਾਂ ਵਿੱਚ ਵਿਆਪਕ ਮੀਂਹ ਅਤੇ ਬਰਫ਼ਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ IMD ਨੇ ਅਗਲੇ 24 ਘੰਟਿਆਂ ਲਈ ਲੱਦਾਖ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਅਗਲੇ 24 ਘੰਟਿਆਂ ਦੌਰਾਨ ਲੱਦਾਖ ਵਿਚ ਮੀਂਹ/ਬਰਫ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ, ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਰਾਮਬਨ ਜ਼ਿਲ੍ਹੇ ਵਿਚ ਸੜਕ ਦਾ ਇੱਕ ਹਿੱਸਾ ਡਿੱਗਣ ਤੋਂ ਬਾਅਦ ਸੋਮਵਾਰ ਨੂੰ ਜੰਮੂ ਅਤੇ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਰਿਹਾ। ਇਲਾਕੇ ਵੱਲ ਜਾ ਰਹੇ ਸਥਾਨਕ ਵਾਸੀ ਮੁਹੰਮਦ ਜਹਾਂਗੀਰ ਨੇ ਦੱਸਿਆ ਕਿ ਇਲਾਕੇ ਵਿੱਚ ਭਾਰੀ ਬਰਸਾਤ ਕਾਰਨ ਸੜਕਾਂ ਪਾਣੀ ਨਾਲ ਵਹਿ ਗਈਆਂ ਹਨ ਅਤੇ ਆਉਣ ਜਾਣ ਵਾਲਿਆਂ ਲਈ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਹਨ।