
ਮਹਿੰਗਾਈ ’ਤੇ ਵਿਅੰਗ ਲਈ ਲੋਕ ਵੱਖੋ-ਵੱਖ ਤਰੀਕੇ ਅਪਨਾਉਣ ਲੱਗੇ
ਠਾਣੇ: ਦੇਸ਼ ’ਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਮਹਾਰਾਸ਼ਟਰ ਜ਼ਿਲ੍ਹੇ ’ਚ ਇਕ ਔਰਤ ਨੂੰ ਜਨਮਦਿਨ ’ਤੇ ਤੋਹਫ਼ੇ ’ਚ ਚਾਰ ਕਿੱਲੋਗ੍ਰਾਮ ਤੋਂ ਵੱਧ ਟਮਾਟਰ ਮਿਲੇ ਹਨ। ਟਮਾਟਰ ਜੋ ਕੁਝ ਦਿਨ ਪਹਿਲਾਂ 20 ਰੁਪਏ ਪ੍ਰਤੀ ਕਿੱਲੋਗ੍ਰਾਮ ਮਿਲ ਰਿਹਾ ਸੀ ਹੁਣ 140 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਕੀਮਤ ’ਤੇ ਵਿਕ ਰਿਹਾ ਹੈ, ਜਿਸ ਕਾਰਨ ਆਮ ਆਦਮੀ ਲਈ ਟਮਾਟਰ ਖ਼ਰੀਦਣਾ ਮੁਸ਼ਕਲ ਹੋ ਰਿਹਾ ਹੈ। ਅਜਿਹੇ ’ਚ ਲੋਕ ਵਧੀਆਂ ਕੀਮਤਾਂ ’ਤੇ ਅਪਣੇ ਅੰਦਾਜ਼ ’ਚ ਵਿਰੋਧ ਪ੍ਰਗਟ ਕਰ ਰਹੇ ਹਨ ਅਤੇ ਸਰਕਾਰ ’ਤੇ ਵੱਖੋ-ਵੱਖ ਤਰੀਕਿਆਂ ਨਾਲ ਵਿਅੰਗ ਵੀ ਕਸ ਰਹੇ ਹਨ।
ਕਲਿਆਣ ਦੇ ਕੋਛਾੜੀ ’ਚ ਰਹਿਣ ਵਾਲੀ ਸੋਨਲ ਬੋਰਸੇ ਨੂੰ ਐਤਵਾਰ ਨੂੰ ਜਨਮਦਿਨ ’ਤੇ ਰਿਸ਼ਤੇਦਾਰਾਂ ਨੇ ਚਾਰ ਕਿਲੋਗ੍ਰਾਮ ਤੋਂ ਵੱਧ ਟਮਾਟਰ ਤੋਹਫ਼ੇ ’ਚ ਦਿਤੇ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਦਿਸ ਰਿਹਾ ਹੈ ਕਿ ਔਰਤ ਕੇਕ ਕੱਟ ਰਹੀ ਹੈ ਅਤੇ ਇਸ ਪਾਸੇ ਟਮਾਟਰ ਨਾਲ ਭਰੀ ਇਕ ਟੋਕਰੀ ਦਿਸ ਰਹੀ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਬੋਰਸੇ ਨੇ ਕਿਹਾ ਕਿ ਉਹ ਅਪਣੇ ਭਰਾ, ਚਾਚਾ ਅਤੇ ਚਾਚੀ ਤੋਂ ਮਿਲੇ ਤੋਹਫ਼ੇ ਤੋਂ ਬਹੁਤ ਖ਼ੁਸ਼ ਹੈ। ਮੁੰਬਈ ’ਚ ਨਾਸਿਕ, ਜੁਨਾਰ ਅਤੇ ਪੁਣੇ ਤੋਂ ਟਮਾਟਰਾਂ ਦੀ ਸਪਲਾਈ ਕੀਤੀ ਜਾਂਦੀ ਹੈ। ਹਾਲਾਂਕਿ, ਟਮਾਟਰ ਕਿਸਾਨਾਂ ਨੂੰ ਬੇਮੌਸਮੀ ਮੀਂਹ ਅਤੇ ਬਿਪਰਜੌਏ ਤੂਫ਼ਾਨ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।