
ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 15 ਲੱਖ ਦੇ ਪਾਰ
ਨਵੀਂ ਦਿੱਲੀ, 10 ਅਗੱਸਤ : ਭਾਰਤ ਵਿਚ ਕੋਰੋਨਾ ਵਾਇਰਸ ਦੇ 62,064 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਸੋਮਵਾਰ ਨੂੰ ਦੇਸ਼ ਵਿਚ ਪੀੜਤਾਂ ਦੀ ਕੁਲ ਗਿਣਤੀ 22 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 15.35 ਲੱਖ ਤੋਂ ਵੱਧ ਹੋ ਗਈ। ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਦਿਤੀ। ਕੋਰੋਨਾ ਵਾਇਰਸ ਲਾਗ ਨਾਲ 1007 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 44386 ਹੋ ਗਈ। ਇਸ ਵੇਲੇ 634945 ਮਰੀਜ਼ ਜ਼ੇਰੇ ਇਲਾਜ ਹਨ। ਕੋਵਿਡ-19 ਦੇ ਕੁਲ ਮਾਮਲੇ ਇਸ ਵੇਲੇ 2215074 ਹਨ।
Corona Virus
ਸਿਹਤ ਮੰਤਰਾਲੇ ਨੇ ਦਸਿਆ ਕਿ ਭਾਰਤ ਵਿਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਵੱਧ ਹੋ ਗਈ ਹੈ ਕਿਉਂਕਿ ਹਾਲੇ ਤਕ 1535743 ਲੋਕ ਠੀਕ ਹੋ ਚੁਕੇ ਹਨ। ਮੰਤਰਾਲੇ ਨੇ ਕਿਹਾ ਕਿ ਬਿਹਤਰ ਸਿਹਤ ਸਹੂਲਤਾਂ, ਐਂਬੂਲੈਂਸ ਸੇਵਾਵਾਂ, ਦੇਖਭਾਲ ਦੇ ਮਾਪਦੰਡਾਂ 'ਤੇ ਧਿਆਨ ਕੇਂਦਰਤ ਕਰਨ ਨਾਲ ਇੱਛਤ ਨਤੀਜੇ ਨਿਕਲੇ ਹਨ। ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਰੀਕਾਰਡ 54859 ਮਰੀਜ਼ ਠੀਕ ਹੋਏ ਹਨ। ਦੇਸ਼ ਵਿਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਲਗਭਗ 70 ਫ਼ੀ ਸਦੀ ਹੋ ਗਈ ਹੈ। ਦੇਸ਼ ਵਿਚ ਲਗਾਤਾਰ ਚੌਥੇ ਦਿਨ ਕੋਵਿਡ-19 ਦੇ 60 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਦੇਸ਼ ਵਿਚ ਹਾਲੇ ਤਕ ਕੁਲ 24583558 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਸ ਵਿਚੋਂ ਐਤਵਾਰ ਨੂੰ 477023 ਟੈਸਟਾਂ ਦੀ ਜਾਂਚ ਹੋਈ।