Delhi News : ਸੇਬੀ ’ਤੇ ਹਿੰਡਨਬਰਗ ਰੀਸਰਚ ਦੇ ਤਾਜ਼ਾ ਦੋਸ਼ਾਂ ਮਗਰੋਂ ਸਿਆਸੀ ਅਤੇ ਵਪਾਰ ਜਗਤ ’ਚ ਮਚੀ ਤਰਥੱਲੀ

By : BALJINDERK

Published : Aug 11, 2024, 6:50 pm IST
Updated : Aug 11, 2024, 6:50 pm IST
SHARE ARTICLE
ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ
ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ

Delhi News : ਸੇਬੀ ਮੁਖੀ ਨੇ ਹਿੰਡਨਬਰਗ ਦੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਅਤੇ ਚਰਿੱਤਰ ਘਾਣ ਦੀ ਕੋਸ਼ਿਸ਼ ਕਰਾਰ ਦਿਤਾ

Delhi News : ਅਮਰੀਕਾ ਦੀ ਰੀਸਰਚ ਅਤੇ ਨਿਵੇਸ਼ ਫਰਮ ਹਿੰਡਨਬਰਗ ਰੀਸਰਚ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਅਡਾਨੀ ਸਮੂਹ ਵਿਰੁਧ ਕਾਰਵਾਈ ਕਰਨ ’ਚ ਸੇਬੀ ਦੀ ਝਿਜਕ ਦਾ ਕਾਰਨ ਸੇਬੀ ਦੀ ਚੇਅਰਪਰਸਨ ਮਾਧਵੀ ਪੁਰੀ ਬੁਚ ਅਤੇ ਉਨ੍ਹਾਂ ਦੇ ਪਤੀ ਕੋਲ ਅਡਾਨੀ ਸਮੂਹ ਨਾਲ ਜੁੜੇ ਵਿਦੇਸ਼ੀ ਫੰਡ ਹੋਣਾ ਹੋ ਸਕਦਾ ਹੈ। ਹਾਲਾਂਕਿ ਸੇਬੀ ਮੁਖੀ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਅਤੇ ਚਰਿੱਤਰ ਘਾਣ ਦੀ ਕੋਸ਼ਿਸ਼ ਕਰਾਰ ਦਿਤਾ ਹੈ। 

ਸਨਿਚਰਵਾਰ ਦੇਰ ਰਾਤ ਜਾਰੀ ਇਕ ਰੀਪੋਰਟ ਵਿਚ ਹਿੰਡਨਬਰਗ ਨੇ ਕਿਹਾ ਕਿ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੇ ਮੁਖੀ ਬੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ ਕੋਲ ਉਸ ਵਿਦੇਸ਼ੀ ਫ਼ੰਡ ’ਚ ਹਿੱਸੇਦਾਰੀ ਹੈ ਜਿਸ ਦਾ ਪ੍ਰਯੋਗ ਅਡਾਨੀ ਸਮੂਹ ਵਿਚ ਪੈਸੇ ਦੀ ਕਥਿਤ ਹੇਰਾਫੇਰੀ ਕਰਨ ਲਈ ਕੀਤਾ ਗਿਆ ਸੀ।

ਹਿੰਡਨਬਰਗ ਅਨੁਸਾਰ, ਬੁਚ ਅਤੇ ਉਸ ਦੇ ਪਤੀ ਨੇ ਬਰਮੂਡਾ ਅਤੇ ਮਾਰੀਸ਼ਸ ’ਚ ਅਣਜਾਣ ਵਿਦੇਸ਼ੀ ਫੰਡਾਂ ’ਚ ਅਣਐਲਾਨੇ ਨਿਵੇਸ਼ ਕੀਤੇ। ਉਸ ਨੇ ਕਿਹਾ ਕਿ ਇਹੀ ਉਹੀ ਫੰਡ ਹਨ ਜਿਨ੍ਹਾਂ ਦੀ ਵਰਤੋਂ ਵਿਨੋਦ ਅਡਾਨੀ ਨੇ ਕਥਿਤ ਤੌਰ ’ਤੇ ਪੈਸਿਆਂ ਦੀ ਹੇਰਾਫੇਰੀ ਕਰਨ ਅਤੇ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ਵਧਾਉਣ ਲਈ ਕੀਤੀ ਸੀ। ਵਿਨੋਦ ਅਡਾਨੀ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਦੇ ਵੱਡੇ ਭਰਾ ਹਨ। 

ਹਿੰਡਨਬਰਗ ਨੇ ਜਨਵਰੀ 2023 ’ਚ ਜਾਰੀ ਅਪਣੀ ਪਿਛਲੀ ਰੀਪੋਰਟ ’ਚ ਅਡਾਨੀ ਸਮੂਹ ’ਤੇ ਵਿੱਤੀ ਲੈਣ-ਦੇਣ ’ਚ ਹੇਰਾਫੇਰੀ ਕਰਨ ਅਤੇ ਸ਼ੇਅਰਾਂ ਦੀਆਂ ਕੀਮਤਾਂ ਵਧਾਉਣ ਲਈ ਵਿਦੇਸ਼ੀ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਸੀ। ਹਾਲਾਂਕਿ, ਅਡਾਨੀ ਸਮੂਹ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਹ ਰੈਗੂਲੇਟਰੀ ਪ੍ਰਬੰਧਾਂ ਦੀ ਪਾਲਣਾ ਕਰਦਾ ਹੈ। 

ਸੇਬੀ ਨੇ ਅਕਤੂਬਰ 2020 ’ਚ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਹੋਲਡਿੰਗ ਢਾਂਚੇ ਦੀ ਜਾਂਚ ਸ਼ੁਰੂ ਕੀਤੀ ਸੀ। ਜਾਂਚ ਇਹ ਨਿਰਧਾਰਤ ਕਰਨ ਲਈ ਸ਼ੁਰੂ ਕੀਤੀ ਗਈ ਸੀ ਕਿ ਕੀ ਵਿਦੇਸ਼ੀ ਨਿਵੇਸ਼ਕ ਅਸਲ ਜਨਤਕ ਸ਼ੇਅਰਧਾਰਕ ਸਨ ਜਾਂ ਪ੍ਰਮੋਟਰਾਂ ਦੇ ਸਿਰਫ ਮੁਖੌਟੇ ਹਨ। 

ਸੇਬੀ ਨੇ ਪਿਛਲੇ ਸਾਲ ਸੁਪਰੀਮ ਕੋਰਟ ਵਲੋਂ ਨਿਯੁਕਤ ਪੈਨਲ ਨੂੰ ਦਸਿਆ ਸੀ ਕਿ ਉਹ 13 ਗੈਰ-ਨਿਰਧਾਰਤ ਵਿਦੇਸ਼ੀ ਇਕਾਈਆਂ ਦੀ ਜਾਂਚ ਕਰ ਰਿਹਾ ਹੈ, ਜਿਨ੍ਹਾਂ ਦੀ ਸਮੂਹ ਦੇ ਜਨਤਕ ਤੌਰ ’ਤੇ ਕਾਰੋਬਾਰ ਕਰਨ ਵਾਲੇ ਪੰਜ ਸ਼ੇਅਰਾਂ ਵਿਚ 14-20 ਫੀ ਸਦੀ ਹਿੱਸੇਦਾਰੀ ਹੈ। ਇਸ ਨੇ ਇਹ ਨਹੀਂ ਦਸਿਆ ਕਿ ਦੋਵੇਂ ਜਾਂਚਾਂ ਪੂਰੀਆਂ ਹੋਈਆਂ ਹਨ ਜਾਂ ਨਹੀਂ। 
 
ਸੇਬੀ ਮੁਖੀ ਨੇ ਦੋਸ਼ਾਂ ਨੂੰ ਬੇਬੁਨਿਆਦ ਦਸਿਆ
ਇਸ ਦੌਰਾਨ ਸੇਬੀ ਮੁਖੀ ਅਤੇ ਉਨ੍ਹਾਂ ਦੇ ਪਤੀ ਨੇ ਇਕ ਸਾਂਝਾ ਬਿਆਨ ਜਾਰੀ ਕਰ ਕੇ ਹਿੰਡਨਬਰਗ ਦੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦਸਿਆ। ਬੁਚ ਜੋੜੇ ਨੇ ਕਿਹਾ, ‘‘ਰੀਪੋਰਟ ਵਿਚ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ’ਚ ਕੋਈ ਸੱਚਾਈ ਨਹੀਂ ਹੈ। ਸਾਡੀ ਜ਼ਿੰਦਗੀ ਅਤੇ ਵਿੱਤੀ ਸਥਿਤੀ ਇਕ ਖੁੱਲ੍ਹੀ ਕਿਤਾਬ ਵਾਂਗ ਹੈ। ਸਾਰੇ ਲੋੜੀਂਦੇ ਪ੍ਰਗਟਾਵੇ ਪਹਿਲਾਂ ਹੀ ਸਾਲਾਂ ਤੋਂ ਸੇਬੀ ਨੂੰ ਦਿਤੇ ਜਾ ਚੁਕੇ ਹਨ। ਸਾਨੂੰ ਕਿਸੇ ਵੀ ਵਿੱਤੀ ਦਸਤਾਵੇਜ਼ਾਂ ਦਾ ਪ੍ਰਗਟਾਵਾ ਕਰਨ ’ਚ ਕੋਈ ਝਿਜਕ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਇਹ ਮੰਦਭਾਗਾ ਹੈ ਕਿ ਹਿੰਡਨਬਰਗ ਰੀਸਰਚ, ਜਿਸ ਦੇ ਵਿਰੁਧ ਸੇਬੀ ਨੇ ਕਾਰਵਾਈ ਕੀਤੀ ਹੈ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਨੇ ਸਾਨੂੰ ਘੇਰਨ ਅਤੇ ਚਰਿੱਤਰ ਘਾਣ ਕਰਨ ਦੀ ਕੋਸ਼ਿਸ਼ ਕੀਤੀ ਹੈ।’’ ਹਾਲਾਂਕਿ ਬੁਚ ਜੋੜੇ ਨੇ ਅਡਾਨੀ ਸਮੂਹ ਵਿਰੁਧ ਸੇਬੀ ਦੀ ਜਾਂਚ ਨੂੰ ਲੈ ਕੇ ਹਿੰਡਨਬਰਗ ਵਲੋਂ ਲਗਾਏ ਗਏ ਦੋਸ਼ਾਂ ’ਤੇ ਕੋਈ ਟਿਪਣੀ ਨਹੀਂ ਕੀਤੀ। ਪਰ ਉਨ੍ਹਾਂ ਕਿਹਾ ਕਿ ਸਹੀ ਸਮੇਂ ’ਤੇ ਵਿਸਥਾਰਤ ਬਿਆਨ ਜਾਰੀ ਕੀਤਾ ਜਾਵੇਗਾ। 

ਕਾਂਗਰਸ ਨੇ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਕਾਇਮ ਕਰਨ ਦੀ ਮੰਗ ਕੀਤੀ
ਇਸ ਦੌਰਾਨ ਕਾਂਗਰਸ ਨੇ ਕਿਹਾ ਕਿ ਹਿੰਡਨਬਰਗ ਦੇ ਤਾਜ਼ਾ ਖੁਲਾਸਿਆਂ ਨੇ ਅਡਾਨੀ ਘਪਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ ਗਠਿਤ ਕਰਨ ਦੀ ਉਸ ਦੀ ਮੰਗ ਨੂੰ ਮਜ਼ਬੂਤ ਕੀਤਾ ਹੈ, ਜਦਕਿ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਸੇਬੀ ਮੁਖੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਖੁਲਾਸੇ ਗੌਤਮ ਅਡਾਨੀ ਦੀ 2022 ’ਚ ਸੇਬੀ ਦੇ ਚੇਅਰਪਰਸਨ ਬਣਨ ਤੋਂ ਬਾਅਦ ਬੁਚ ਨਾਲ ਲਗਾਤਾਰ ਦੋ ਮੁਲਾਕਾਤਾਂ ਨੂੰ ਲੈ ਕੇ ਨਵੇਂ ਸਵਾਲ ਖੜੇ ਕਰਦੇ ਹਨ। ਸੇਬੀ ਉਸ ਸਮੇਂ ਅਡਾਨੀ ਦੇ ਲੈਣ-ਦੇਣ ਦੀ ਜਾਂਚ ਕਰ ਰਹੀ ਸੀ। 

ਕੀ ਕਿਹਾ ਹਿੰਡਨਬਰਗ ਨੇ?
ਹਿੰਡਨਬਰਗ ਨੇ ਸਨਿਚਰਵਾਰ ਰਾਤ ਨੂੰ ਇਕ ਬਲਾਗ ਪੋਸਟ ਵਿਚ ਕਿਹਾ ਕਿ ਮਾਧਵੀ ਅਤੇ ਉਸ ਦੇ ਪਤੀ ਨੇ ਆਫਸ਼ੋਰ ਇਕਾਈਆਂ ਵਿਚ ਨਿਵੇਸ਼ ਕੀਤਾ, ਜੋ ਕਥਿਤ ਤੌਰ ’ਤੇ ਇੰਡੀਆ ਇਨਫੋਲਾਈਨ (ਆਈ.ਆਈ.ਐਫ.ਐਲ.) ਵਲੋਂ ਪ੍ਰਬੰਧਿਤ ਫੰਡ ਦਾ ਹਿੱਸਾ ਸਨ, ਜਿਸ ਵਿਚ ਵਿਨੋਦ ਅਡਾਨੀ ਨੇ ਵੀ ਨਿਵੇਸ਼ ਕੀਤਾ ਸੀ। ਹਿੰਡਨਬਰਗ ਅਨੁਸਾਰ, ਇਹ ਨਿਵੇਸ਼ ਕਥਿਤ ਤੌਰ ’ਤੇ 2015 ’ਚ ਕੀਤਾ ਗਿਆ ਸੀ। ਇਹ ਨਿਵੇਸ਼ 2017 ’ਚ ਮਾਧਵੀ ਪੁਰੀ ਬੁਚ ਦੀ ਸੇਬੀ ਦੀ ਪੂਰੇ ਸਮੇਂ ਦੀ ਮੈਂਬਰ ਵਜੋਂ ਨਿਯੁਕਤੀ ਅਤੇ ਮਾਰਚ 2022 ’ਚ ਇਸ ਦੀ ਚੇਅਰਪਰਸਨ ਬਣਨ ਤੋਂ ਬਹੁਤ ਪਹਿਲਾਂ ਕੀਤਾ ਗਿਆ ਸੀ। 

ਇਸ ਮੁਤਾਬਕ ਬਰਮੂਡਾ ਸਥਿਤ ਗਲੋਬਲ ਅਪਰਚੂਨਿਟੀਜ਼ ਫੰਡ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਸੀ ਜਿਨ੍ਹਾਂ ਨੇ ਫੰਡ ਵਿਚ ਨਿਵੇਸ਼ ਕੀਤਾ। ਗਲੋਬਲ ਅਪਰਚੂਨਿਟੀਜ਼ ਫੰਡ ਦੀ ਵਰਤੋਂ ਅਡਾਨੀ ਸਮੂਹ ਦੇ ਸਹਿਯੋਗੀਆਂ ਨੇ ਕਥਿਤ ਤੌਰ ’ਤੇ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਵਪਾਰ ਕਰਨ ਲਈ ਕੀਤੀ ਸੀ। 

ਨਿਵੇਸ਼ ਕੰਪਨੀ ਨੇ ‘ਵਿਸਲਬਲੋਅਰ ਦਸਤਾਵੇਜ਼ਾਂ’ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਸੇਬੀ ਦੇ ਮੌਜੂਦਾ ਮੁਖੀ ਬਚ ਅਤੇ ਉਸ ਦੇ ਪਤੀ ਦੀ ਅਡਾਨੀ ਸਮੂਹ ਵਿਚ ਪੈਸੇ ਦੀ ਹੇਰਾਫੇਰੀ ਘਪਲੇ ਵਿਚ ਵਰਤੇ ਗਏ ਦੋ ਅਸਪਸ਼ਟ ‘ਵਿਦੇਸ਼ੀ ਫੰਡਾਂ’ ਵਿਚ ਹਿੱਸੇਦਾਰੀ ਸੀ।’’ ਵਿਦੇਸ਼ੀ ਬਾਜ਼ਾਰਾਂ ’ਚ ਨਿਵੇਸ਼ ਕਰਨ ਵਾਲੇ ਫੰਡਾਂ ਨੂੰ ਆਫਸ਼ੋਰ ਫੰਡ ਜਾਂ ਵਿਦੇਸ਼ੀ ਫੰਡ ਕਿਹਾ ਜਾਂਦਾ ਹੈ। 

ਰੀਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਵਿਨੋਦ ਅਡਾਨੀ ਨੇ ਬਰਮੂਡਾ ਅਤੇ ਮਾਰੀਸ਼ਸ ’ਚ ਅਸਪਸ਼ਟ ਵਿਦੇਸ਼ੀ ਫੰਡਾਂ ਨੂੰ ਕੰਟਰੋਲ ਕੀਤਾ। ਹਿੰਡਨਬਰਗ ਦਾ ਦੋਸ਼ ਹੈ ਕਿ ਇਨ੍ਹਾਂ ਫੰਡਾਂ ਦੀ ਵਰਤੋਂ ਪੈਸੇ ਦੀ ਹੇਰਾਫੇਰੀ ਕਰਨ ਅਤੇ ਸਮੂਹ ਦੇ ਸ਼ੇਅਰਾਂ ਦੀਆਂ ਕੀਮਤਾਂ ਨੂੰ ਵਧਾਉਣ ਲਈ ਕੀਤੀ ਗਈ ਸੀ। 

ਹਿੰਡਨਬਰਗ ਨੇ ਸਨਿਚਰਵਾਰ ਰਾਤ ਨੂੰ ਜਾਰੀ ਇਕ ਬਲਾਗ ਪੋਸਟ ਵਿਚ ਕਿਹਾ ਕਿ ਸੇਬੀ ਮੁਖੀ ਮਾਧਬੀ ਪੁਰੀ ਬੁਚ ਅਤੇ ਉਨ੍ਹਾਂ ਦੇ ਪਤੀ ਨੇ ਵਿਦੇਸ਼ੀ ਇਕਾਈਆਂ ਵਿਚ ਨਿਵੇਸ਼ ਕੀਤਾ ਜੋ ਕਥਿਤ ਤੌਰ ’ਤੇ ਇੰਡੀਆ ਇਨਫੋਲਾਈਨ ਵਲੋਂ ਪ੍ਰਬੰਧਿਤ ਫੰਡ ਦਾ ਹਿੱਸਾ ਸਨ, ਜਿਸ ਵਿਚ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਦੇ ਵੱਡੇ ਭਰਾ ਵਿਨੋਦ ਅਡਾਨੀ ਨੇ ਵੀ ਨਿਵੇਸ਼ ਕੀਤਾ ਸੀ। ਹਿੰਡਨਬਰਗ ਨੇ ਦਾਅਵਾ ਕੀਤਾ ਹੈ ਕਿ ਸੇਬੀ ਨੇ ਮਾਰੀਸ਼ਸ ਅਤੇ ਅਡਾਨੀ ਸਮੂਹ ਦੀਆਂ ਵਿਦੇਸ਼ੀ ਸ਼ੈੱਲ ਇਕਾਈਆਂ ਦੇ ਕਥਿਤ ਤੌਰ ’ਤੇ ਅਣਜਾਣ ਜਾਲ ਵਿਚ ਹੈਰਾਨੀਜਨਕ ਰੂਪ ’ਚ ਦਿਲਚਸਪੀ ਨਹੀਂ ਵਿਖਾਈ। 

ਹਿੰਡਨਬਰਗ ਨੇ ਅਪਣੀ ਤਾਜ਼ਾ ਰੀਪੋਰਟ ’ਚ ਕਿਹਾ ਕਿ ਆਈ.ਆਈ.ਐਫ.ਐਲ. ਦੇ ਇਕ ਮੁਖੀ ਵਲੋਂ ਦਸਤਖਤ ਕੀਤੇ ਗਏ ਫੰਡ ਐਲਾਨ ’ਚ ਕਿਹਾ ਗਿਆ ਹੈ ਕਿ ਨਿਵੇਸ਼ ਦਾ ਸਰੋਤ ‘ਤਨਖਾਹ’ ਹੈ ਅਤੇ ਜੋੜੇ ਦੀ ਕੁਲ ਜਾਇਦਾਦ ਇਕ ਕਰੋੜ ਡਾਲਰ ਹੈ। ਰੀਪੋਰਟ ਮੁਤਾਬਕ, ‘‘ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਹਜ਼ਾਰਾਂ ਭਾਰਤੀ ਮਿਊਚੁਅਲ ਫੰਡ ਹੋਣ ਦੇ ਬਾਵਜੂਦ ਸੇਬੀ ਦੀ ਚੇਅਰਪਰਸਨ ਮਾਧਵੀ ਬੁਚ ਅਤੇ ਉਨ੍ਹਾਂ ਦੇ ਪਤੀ ਨੇ ਛੋਟੀ ਜਾਇਦਾਦ ਵਾਲੇ ਬਹੁ-ਪੱਧਰੀ ਵਿਦੇਸ਼ੀ ਫੰਡ ਵਿਚ ਹਿੱਸੇਦਾਰੀ ਲਈ ਸੀ।’’

ਹਿੰਡਨਬਰਗ ਨੇ ਕਿਹਾ ਕਿ ਉਨ੍ਹਾਂ ਦੀ ਜਾਇਦਾਦ ਉੱਚ ਜੋਖਮ ਵਾਲੇ ਅਧਿਕਾਰ ਖੇਤਰਾਂ ਤੋਂ ਲੰਘਦੀ ਹੈ। ਇਸ ਦੀ ਦੇਖਭਾਲ ਕਥਿਤ ਤੌਰ ’ਤੇ ਘਪਲੇ ਨਾਲ ਜੁੜੀ ਇਕ ਕੰਪਨੀ ਵਲੋਂ ਕੀਤੀ ਗਈ ਸੀ। ਇਹ ਉਹੀ ਇਕਾਈ ਹੈ ਜੋ ਅਡਾਨੀ ਦੇ ਡਾਇਰੈਕਟਰਾਂ ਵਲੋਂ ਚਲਾਈ ਜਾਂਦੀ ਸੀ ਅਤੇ ਵਿਨੋਦ ਅਡਾਨੀ ਨੇ ਕਥਿਤ ਅਡਾਨੀ ਨਕਦ ਹੇਰਾਫੇਰੀ ਘਪਲੇ ’ਚ ਮਹੱਤਵਪੂਰਣ ਵਰਤੋਂ ਕੀਤੀ ਸੀ। 

ਰੀਪੋਰਟ ’ਚ ਸੁਪਰੀਮ ਕੋਰਟ ਦੇ ਇਕ ਹੁਕਮ ਦਾ ਵੀ ਹਵਾਲਾ ਦਿਤਾ ਗਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਸੇਬੀ ਇਸ ਗੱਲ ਦੀ ਜਾਂਚ ’ਚ ਖਾਲੀ ਹੱਥ ਹੈ ਕਿ ਅਡਾਨੀ ਦੇ ਕਥਿਤ ਵਿਦੇਸ਼ੀ ਸ਼ੇਅਰਧਾਰਕਾਂ ਨੂੰ ਵਿੱਤ ਕਿਸ ਨੇ ਦਿਤਾ। ਹਿੰਡਨਬਰਗ ਨੇ ਕਿਹਾ, ‘‘ਜੇ ਸੇਬੀ ਸੱਚਮੁੱਚ ਵਿਦੇਸ਼ੀ ਫੰਡ ਧਾਰਕਾਂ ਨੂੰ ਲੱਭਣਾ ਚਾਹੁੰਦਾ ਸੀ ਤਾਂ ਸ਼ਾਇਦ ਸੇਬੀ ਮੁਖੀ ਅਪਣੇ ਆਪ ਨੂੰ ਸ਼ੀਸ਼ੇ ਵਿਚ ਵੇਖ ਕੇ ਸ਼ੁਰੂਆਤ ਕਰ ਸਕਦੇ ਸਨ।’’ ਇਸ ’ਚ ਕਿਹਾ ਗਿਆ, ‘‘ਸਾਨੂੰ ਇਹ ਹੈਰਾਨੀ ਵਾਲੀ ਗੱਲ ਨਹੀਂ ਲਗਦੀ ਕਿ ਸੇਬੀ ਅਜਿਹੇ ਮਾਮਲੇ ਦਾ ਪਿੱਛਾ ਨਹੀਂ ਕਰਨਾ ਚਾਹੁੰਦਾ ਸੀ ਜਿਸ ਨਾਲ ਉਸ ਦੇ ਅਪਣੇ ਮੁਖੀ ਤਕ ਪਹੁੰਚ ਸਕੇ।’’ 

ਅਡਾਨੀ ਸਮੂਹ ਨੇ ਸ਼ੇਅਰ ਬਾਜ਼ਾਰ ਨੂੰ ਦਿਤੀ ਸੂਚਨਾ, ਕਿਹਾ ਨਿਜੀ ਮੁਨਾਫ਼ੇਖੋਰੀ ਲਈ ਕੀਤਾ ਜਾ ਰਿਹੈ ਪ੍ਰਗਟਾਵਾ
ਅਡਾਨੀ ਸਮੂਹ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਸ਼ੇਅਰ ਬਾਜ਼ਾਰ ਨੂੰ ਦਿਤੀ ਸੂਚਨਾ ’ਚ ਕਿਹਾ ਕਿ ਹਿੰਡਨਬਰਗ ਦੇ ਨਵੇਂ ਦੋਸ਼ ਜਨਤਕ ਤੌਰ ’ਤੇ ਉਪਲਬਧ ਜਾਣਕਾਰੀ ਦੀ ਦੁਰਭਾਵਨਾਪੂਰਨ, ਸ਼ਰਾਰਤੀ ਅਤੇ ਹੇਰਾਫੇਰੀ ਵਾਲੀ ਚੋਣ ਹਨ। ਇਹ ਤੱਥਾਂ ਅਤੇ ਕਾਨੂੰਨ ਦੀ ਅਣਦੇਖੀ ਕਰਦਿਆਂ ਨਿੱਜੀ ਮੁਨਾਫਾਖੋਰੀ ਲਈ ਪਹਿਲਾਂ ਤੋਂ ਨਿਰਧਾਰਤ ਸਿੱਟਿਆਂ ’ਤੇ ਪਹੁੰਚਣ ਦੇ ਇਰਾਦੇ ਨਾਲ ਕੀਤਾ ਗਿਆ ਹੈ। 

ਸਮੂਹ ਨੇ ਕਿਹਾ, ‘‘ਅਸੀਂ ਅਡਾਨੀ ਸਮੂਹ ’ਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਤੌਰ ’ਤੇ ਰੱਦ ਕਰਦੇ ਹਾਂ। ਇਹ ਰੱਦ ਕੀਤੇ ਗਏ ਦਾਅਵਿਆਂ ਦੀ ਦੁਹਰਾਈ ਹੈ ਜਿਨ੍ਹਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਹੈ ਜੋ ਬੇਬੁਨਿਆਦ ਸਾਬਤ ਹੋਏ ਹਨ ਅਤੇ ਜਨਵਰੀ 2024 ’ਚ ਸੁਪਰੀਮ ਕੋਰਟ ਵਲੋਂ ਪਹਿਲਾਂ ਹੀ ਰੱਦ ਕਰ ਦਿਤੇ ਗਏ ਹਨ।’’

ਉਨ੍ਹਾਂ ਕਿਹਾ, ‘‘ਸਾਡੀ ਸਾਖ ਖਰਾਬ ਕਰਨ ਦੀ ਇਸ ਜਾਣਬੁਝ ਕੇ ਕੀਤੀ ਗਈ ਕੋਸ਼ਿਸ਼ ਵਿਚ ਜ਼ਿਕਰ ਕੀਤੇ ਗਏ ਵਿਅਕਤੀਆਂ ਜਾਂ ਮਾਮਲਿਆਂ ਨਾਲ ਸਾਡਾ ਕੋਈ ਵਪਾਰਕ ਸਬੰਧ ਨਹੀਂ ਹੈ। ਅਸੀਂ ਪਾਰਦਰਸ਼ਤਾ ਅਤੇ ਸਾਰੇ ਕਾਨੂੰਨੀ ਅਤੇ ਰੈਗੂਲੇਟਰੀ ਪ੍ਰਬੰਧਾਂ ਦੀ ਪਾਲਣਾ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।’’

ਹਿੰਡਨਬਰਗ ਨੂੰ ਨੋਟਿਸ ਭੇਜ ਚੁਕਿਐ ਸੇਬੀ, ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਲਾਇਆ ਸੀ ਦੋਸ਼
ਸੇਬੀ ਨੇ ਇਸ ਸਾਲ 26 ਜੂਨ ਨੂੰ ਹਿੰਡਨਬਰਗ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਸੀ ਅਤੇ ਉਸ ’ਤੇ ਨਿਊਯਾਰਕ ਦੇ ਹੈਜ ਫੰਡ ਨਾਲ ਜਾਣਬੁਝ ਕੇ ਕੰਮ ਕਰਨ ਅਤੇ ਕੁੱਝ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਸੀ। 

ਇਸ ਦੌਰਾਨ ਦੋਸ਼ਾਂ ਦੇ ਘੇਰੇ ’ਚ ਆਈ 360 ਵਨ ਵੀ.ਏ.ਐਮ. ਲਿਮਟਿਡ (ਪਹਿਲਾਂ ਆਈ.ਆਈ.ਐਫ.ਐਲ. ਵੈਲਥ ਮੈਨੇਜਮੈਂਟ ਲਿਮਟਿਡ) ਨੇ ਇਕ ਵੱਖਰੇ ਬਿਆਨ ਵਿਚ ਕਿਹਾ ਕਿ ਆਈ.ਪੀ.ਈ.-ਪਲੱਸ ਫੰਡ 1 ਅਕਤੂਬਰ 2013 ਵਿਚ ਲਾਂਚ ਕੀਤਾ ਗਿਆ ਸੀ ਅਤੇ ਅਕਤੂਬਰ 2019 ਤਕ ਚਲਾਇਆ ਗਿਆ ਸੀ। ਉਸ ਨੇ ਕਿਹਾ ਕਿ ਫੰਡ ਦੇ ਕਾਰਜਕਾਲ ਦੌਰਾਨ ਆਈ.ਪੀ.ਈ.-ਪਲੱਸ ਫੰਡ 1 ਨੇ ਕਿਸੇ ਵੀ ਫੰਡ ਰਾਹੀਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਅਡਾਨੀ ਸਮੂਹ ਦੇ ਕਿਸੇ ਵੀ ਸਟਾਕ ’ਚ ਕੋਈ ਨਿਵੇਸ਼ ਨਹੀਂ ਕੀਤਾ। 

ਸੰਪਤੀ ਮੈਨੇਜਰ ਨੇ ਕਿਹਾ ਕਿ ਕਿਸੇ ਵੀ ਨਿਵੇਸ਼ਕ ਦੀ ਫੰਡ ਦੇ ਸੰਚਾਲਨ ਜਾਂ ਨਿਵੇਸ਼ ਦੇ ਫੈਸਲਿਆਂ ਵਿਚ ਕੋਈ ਸ਼ਮੂਲੀਅਤ ਨਹੀਂ ਸੀ। ਫੰਡ ’ਚ ਮਾਧਬੀ ਬੁਚ ਅਤੇ ਧਵਲ ਬੁਚ ਦੀ ਹੋਲਡਿੰਗ ਫੰਡ ’ਚ ਕੁਲ ਪ੍ਰਵਾਹ ਦੇ 1.5 ਫ਼ੀ ਸਦੀ ਤੋਂ ਵੀ ਘੱਟ ਸੀ। 

ਇਸ ਤੋਂ ਪਹਿਲਾਂ ਜਨਵਰੀ 2023 ’ਚ ਹਿੰਡਨਬਰਗ ਰੀਸਰਚ ਨੇ ਦੋਸ਼ ਲਾਇਆ ਸੀ ਕਿ ਅਡਾਨੀ ਸਮੂਹ ‘ਸ਼ੇਅਰ ਹੇਰਾਫੇਰੀ ਅਤੇ ਲੇਖਾ ਧੋਖਾਧੜੀ’ ’ਚ ਸ਼ਾਮਲ ਰਿਹਾ ਹੈ। ਅਡਾਨੀ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਜ਼ 20,000 ਕਰੋੜ ਰੁਪਏ ਦੀ ਫਾਲੋ-ਆਨ ਪਬਲਿਕ ਪੇਸ਼ਕਸ਼ (ਐਫ.ਪੀ.ਓ.) ਲਾਂਚ ਕਰਨ ਦੀ ਤਿਆਰੀ ਕਰ ਰਹੀ ਸੀ। 

ਵੱਖ-ਵੱਖ ਕਾਰੋਬਾਰਾਂ ’ਚ ਸ਼ਾਮਲ ਸਮੂਹ ਨੇ ਕਿਹਾ ਸੀ, ‘‘ਰੀਪੋਰਟ ਚੋਣਵੀਂ ਝੂਠੀ ਅਤੇ ਬੇਬੁਨਿਆਦ ਜਾਣਕਾਰੀ ਤੋਂ ਇਲਾਵਾ ਕੁੱਝ ਨਹੀਂ ਹੈ, ਜੋ ਪੂਰੀ ਤਰ੍ਹਾਂ ਗਲਤ ਮਕਸਦ ਲਈ ਤਿਆਰ ਕੀਤੀ ਗਈ ਹੈ। ਜਿਨ੍ਹਾਂ ਤੱਥਾਂ ਦੇ ਆਧਾਰ ’ਤੇ ਰੀਪੋਰਟ ਤਿਆਰ ਕੀਤੀ ਗਈ ਹੈ, ਉਨ੍ਹਾਂ ਨੂੰ ਵੀ ਭਾਰਤ ਦੀਆਂ ਅਦਾਲਤਾਂ ਨੇ ਰੱਦ ਕਰ ਦਿਤਾ ਹੈ।’’ ਰੀਪੋਰਟ ਤੋਂ ਬਾਅਦ ਅਡਾਨੀ ਸਮੂਹ ਦੇ ਸ਼ੇਅਰਾਂ ’ਚ ਤੇਜ਼ੀ ਨਾਲ ਗਿਰਾਵਟ ਆਈ ਸੀ ਪਰ ਕੁੱਝ ਮਹੀਨਿਆਂ ਬਾਅਦ ਹੀ ਘਾਟੇ ਤੋਂ ਉਭਰਨ ’ਚ ਕਾਮਯਾਬ ਰਹੇ। (ਪੀਟੀਆਈ)

(For more news apart from After the latest allegations of Hindenburg Research on SEBI, the political and business world is in turmoil News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement