ਗੋਲੀਬਾਰੀ ਪਾਲੇਲ ਖੇਤਰ ’ਚ ਜਬਰੀ ਵਸੂਲੀ ਨੂੰ ਕੰਟਰੋਲ ਕਰਨ ਦਾ ਮਕਸਦ ਹੋ ਸਕਦੀ ਹੈ : ਅਧਿਕਾਰੀ
ਇੰਫਾਲ: ਮਨੀਪੁਰ ਦੇ ਤੇਂਗਨੌਪਲ ਜ਼ਿਲ੍ਹੇ ’ਚ ਅਤਿਵਾਦੀਆਂ ਅਤੇ ਪਿੰਡ ਦੇ ਵਲੰਟੀਅਰਾਂ ਵਿਚਾਲੇ ਹੋਈ ਗੋਲੀਬਾਰੀ ’ਚ ਚਾਰ ਹਥਿਆਰਬੰਦ ਵਿਅਕਤੀ ਮਾਰੇ ਗਏ। ਪੁਲਿਸ ਨੇ ਦਸਿਆ ਕਿ ਸ਼ੁਕਰਵਾਰ ਨੂੰ ਮੋਲਨੋਮ ਇਲਾਕੇ ’ਚ ਹੋਏ ਮੁਕਾਬਲੇ ’ਚ ਯੂਨਾਈਟਿਡ ਕੁਕੀ ਲਿਬਰੇਸ਼ਨ ਫਰੰਟ (ਯੂ.ਕੇ.ਐੱਲ.ਐੱਫ.) ਦਾ ਇਕ ਅਤਿਵਾਦੀ ਅਤੇ ਇਕ ਹੀ ਭਾਈਚਾਰੇ ਦੇ ਤਿੰਨ ਪਿੰਡ ਵਲੰਟੀਅਰ ਮਾਰੇ ਗਏ।
ਇਸ ਦੇ ਜਵਾਬ ’ਚ ਪਿੰਡ ਦੇ ਵਲੰਟੀਅਰਾਂ ਨੇ ਯੂ.ਕੇ.ਐਲ.ਐਫ. ਦੇ ਸਵੈ-ਐਲਾਨ ਮੁਖੀ ਐਸ ਐਸ ਹਾਓਕਿਪ ਦੀ ਰਿਹਾਇਸ਼ ਨੂੰ ਸਾੜ ਦਿਤਾ। ਅਧਿਕਾਰੀਆਂ ਨੇ ਕਿਹਾ ਕਿ ਗੋਲੀਬਾਰੀ ਪਾਲੇਲ ਖੇਤਰ ’ਚ ਜਬਰੀ ਵਸੂਲੀ ਨੂੰ ਕੰਟਰੋਲ ਕਰਨ ਦਾ ਮਕਸਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਪਰ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਸਥਿਤੀ ਕਾਬੂ ਹੇਠ ਹੈ।
ਪਿਛਲੇ ਸਾਲ ਮਈ ਤੋਂ ਮਨੀਪੁਰ ਵਿਚ ਇੰਫਾਲ ਘਾਟੀ ਵਿਚ ਰਹਿਣ ਵਾਲੇ ਮੇਈਤੇਈ ਭਾਈਚਾਰੇ ਅਤੇ ਗੁਆਂਢੀ ਪਹਾੜੀਆਂ ਵਿਚ ਕੁਕੀ ਭਾਈਚਾਰੇ ਵਿਚਾਲੇ ਨਸਲੀ ਝੜਪਾਂ ਵਿਚ 200 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਬੇਘਰ ਹੋ ਗਏ ਹਨ।
ਬੰਬ ਧਮਾਕੇ ’ਚ ਸਾਬਕਾ ਵਿਧਾਇਕ ਦੀ ਪਤਨੀ ਦੀ ਮੌਤ
ਇੰਫਾਲ: ਮਨੀਪੁਰ ਦੇ ਕੰਗਪੋਕਪੀ ਜ਼ਿਲ੍ਹੇ ’ਚ ਇਕ ਬੰਬ ਧਮਾਕੇ ’ਚ ਸਾਬਕਾ ਵਿਧਾਇਕ ਦੀ ਪਤਨੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਇਹ ਧਮਾਕਾ ਸਨਿਚਰਵਾਰ ਸ਼ਾਮ ਨੂੰ ਸੈਕੁਲ ਦੇ ਸਾਬਕਾ ਵਿਧਾਇਕ ਯਾਮਾਥੋਂਗ ਹਾਓਕਿਪ ਦੇ ਘਰ ਦੇ ਨਾਲ ਲਗਦੇ ਇਕ ਘਰ ’ਚ ਹੋਇਆ।
ਅਧਿਕਾਰੀਆਂ ਨੇ ਦਸਿਆ ਕਿ ਧਮਾਕੇ ’ਚ ਹਾਓਕਿਪ ਦੀ ਦੂਜੀ ਪਤਨੀ ਸਪਮ ਚਾਰੂਬਾਲਾ ਜ਼ਖਮੀ ਹੋ ਗਈ। ਚਾਰੂਬਾਲਾ ਨੂੰ ਤੁਰਤ ਸੈਕੁਲ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਧਮਾਕੇ ਦੇ ਸਮੇਂ ਹਾਓਕਿਪ ਘਰ ’ਚ ਸੀ ਪਰ ਉਸ ਨੂੰ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਪੁਲਿਸ ਧਮਾਕੇ ਦੀ ਜਾਂਚ ਕਰ ਰਹੀ ਹੈ।