ਦਿੱਲੀ ’ਚ ਭਾਰੀ ਮੀਂਹ ਕਾਰਨ ਆਵਾਜਾਈ ਰੁਕੀ, ਕਈ ਇਲਾਕਿਆਂ ’ਚ ਪਾਣੀ ਭਰਿਆ
ਚੰਡੀਗੜ੍ਹ: ਐਤਵਾਰ ਨੂੰ ਪੰਜਾਬ ਅਤੇ ਹਰਿਆਣਾ ’ਚ ਭਾਰੀ ਬਾਰਸ਼ ਹੋਈ, ਜਿਸ ਕਾਰਨ ਕਈ ਥਾਵਾਂ ’ਤੇ ਪਾਣੀ ਭਰ ਗਿਆ ਅਤੇ ਸੜਕਾਂ ’ਤੇ ਮੁਸਾਫ਼ਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਭਾਰੀ ਮੀਂਹ ਕਾਰਨ ਸੋਮ ਨਦੀ ਦੇ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਹੜ੍ਹ ਆ ਗਿਆ। ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ ਅਤੇ ਅੰਬਾਲਾ ਸਮੇਤ ਕਈ ਥਾਵਾਂ ’ਤੇ ਮੀਂਹ ਪਿਆ।
ਅੰਬਾਲਾ, ਲੁਧਿਆਣਾ, ਮੋਹਾਲੀ ਅਤੇ ਗੁਰੂਗ੍ਰਾਮ ਦੇ ਕਈ ਇਲਾਕਿਆਂ ’ਚ ਪਾਣੀ ਭਰ ਗਿਆ। ਮੌਸਮ ਵਿਭਾਗ ਦੀ ਇਕ ਰੀਪੋਰਟ ਮੁਤਾਬਕ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ 129.7 ਮਿਲੀਮੀਟਰ ਬਾਰਸ਼ ਹੋਈ। ਪੰਜਾਬ ਦੇ ਰੂਪਨਗਰ ’ਚ 64 ਮਿਲੀਮੀਟਰ, ਪਟਿਆਲਾ ’ਚ 62 ਮਿਲੀਮੀਟਰ, ਲੁਧਿਆਣਾ ’ਚ 57 ਮਿਲੀਮੀਟਰ, ਮੁਹਾਲੀ ’ਚ 32 ਮਿਲੀਮੀਟਰ, ਫਰੀਦਕੋਟ ’ਚ 6.5 ਮਿਲੀਮੀਟਰ, ਫਿਰੋਜ਼ਪੁਰ ’ਚ 5 ਮਿਲੀਮੀਟਰ ਅਤੇ ਪਠਾਨਕੋਟ ਅਤੇ ਅੰਮ੍ਰਿਤਸਰ ’ਚ 2-2 ਮਿਲੀਮੀਟਰ ਬਾਰਸ਼ ਹੋਈ।
ਹਰਿਆਣਾ ਦੇ ਅੰਬਾਲਾ ’ਚ 82 ਮਿਲੀਮੀਟਰ, ਗੁਰੂਗ੍ਰਾਮ ’ਚ 77 ਮਿਲੀਮੀਟਰ, ਕੁਰੂਕਸ਼ੇਤਰ ’ਚ 40.5 ਮਿਲੀਮੀਟਰ, ਕੈਥਲ ’ਚ 33 ਮਿਲੀਮੀਟਰ, ਰੋਹਤਕ ’ਚ 10 ਮਿਲੀਮੀਟਰ, ਨਾਰਨੌਲ ’ਚ 7 ਮਿਲੀਮੀਟਰ ਅਤੇ ਹਿਸਾਰ ’ਚ 6.7 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਕਈ ਪਿੰਡ ਮੀਂਹ ਕਾਰਨ ਸੋਮ ਨਦੀ ਦਾ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ’ਚ ਡੁੱਬ ਗਏ, ਜਿਸ ਨਾਲ ਖਾਨੂਵਾਲਾ, ਬਮਨੋਲੀ, ਮਲਿਕਪੁਰ ਬਾਂਗਰ, ਲਾਲਾਹਰੀ ਅਤੇ ਮਾਣਕਪੁਰ ਪਿੰਡ ਪ੍ਰਭਾਵਤ ਹੋਏ।
ਖਾਨੂਵਾਲਾ ’ਚ 3-4 ਫੁੱਟ ਪਾਣੀ ਭਰ ਜਾਣ ਕਾਰਨ ਖੇਤ ਪਾਣੀ ’ਚ ਡੁੱਬ ਗਏ ਹਨ। ਪਿੰਡ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣਾ ਪਵੇਗਾ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਨੂੰ ਬੁਲਾਇਆ ਗਿਆ ਹੈ।
ਮੀਂਹ ਕਾਰਨ ਗੁਰੂਗ੍ਰਾਮ ’ਚ ਵੀ ਭਾਰੀ ਪਾਣੀ ਭਰ ਗਿਆ। ਦਿੱਲੀ-ਗੁਰੂਗ੍ਰਾਮ ਐਕਸਪ੍ਰੈਸਵੇਅ ਸਮੇਤ ਕਈ ਮੁੱਖ ਸੜਕਾਂ ਪਾਣੀ ’ਚ ਡੁੱਬ ਗਈਆਂ ਅਤੇ ਲੋਕ ਗੋਡੇ ਤਕ ਪਾਣੀ ’ਚ ਡੁੱਬੇ ਨਜ਼ਰ ਆਏ। ਕੁੱਝ ਲੋਕ ਅਪਣੀਆਂ ਕਾਰਾਂ ਅਤੇ ਦੋ ਪਹੀਆ ਗੱਡੀਆਂ ਨੂੰ ਡੁੱਬੀਆਂ ਸੜਕਾਂ ’ਤੇ ਧੱਕਦੇ ਵੇਖੇ ਗਏ।
ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ 288 ਸੜਕਾਂ ਬੰਦ
ਸ਼ਿਮਲਾ: ਹਿਮਾਚਲ ਪ੍ਰਦੇਸ਼ ’ਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 280 ਤੋਂ ਵੱਧ ਸੜਕਾਂ ਬੰਦ ਕਰ ਦਿਤੀਆਂ ਗਈਆਂ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਨੇ ਦਸਿਆ ਕਿ ਊਨਾ ’ਚ ਨਾਲਿਆਂ ਦਾ ਪਾਣੀ ਕਈ ਘਰਾਂ ’ਚ ਦਾਖਲ ਹੋ ਗਿਆ, ਜਦਕਿ ਲਾਹੌਲ ਅਤੇ ਸਪੀਤੀ ਪੁਲਿਸ ਨੇ ਵਸਨੀਕਾਂ ਅਤੇ ਮੁਸਾਫ਼ਰਾਂ ਨੂੰ ਪੂਰੀ ਸਾਵਧਾਨੀ ਵਰਤਣ ਅਤੇ ਜਹਲਮਾਨ ਨਾਲੇ ਨੂੰ ਪਾਰ ਨਾ ਕਰਨ ਦੀ ਸਲਾਹ ਦਿਤੀ ਕਿਉਂਕਿ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ।
ਅਧਿਕਾਰੀਆਂ ਨੇ ਦਸਿਆ ਕਿ ਕੁਲੂ ਮੰਡੀ ਅਤੇ ਸ਼ਿਮਲਾ ਜ਼ਿਲ੍ਹੇ ’ਚ 31 ਜੁਲਾਈ ਨੂੰ ਆਏ ਹੜ੍ਹ ’ਚ ਲਾਪਤਾ ਹੋਏ ਕਰੀਬ 30 ਲੋਕਾਂ ਦੀ ਭਾਲ ਲਈ ਬਚਾਅ ਮੁਹਿੰਮ ਜਾਰੀ ਹੈ ਪਰ ਅਜੇ ਤਕ ਕੋਈ ਵੱਡੀ ਸਫਲਤਾ ਨਹੀਂ ਮਿਲੀ ਹੈ। ਹੁਣ ਤਕ 28 ਲਾਸ਼ਾਂ ਬਰਾਮਦ ਕੀਤੀਆਂ ਜਾ ਚੁਕੀਆਂ ਹਨ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ 27 ਜੂਨ ਤੋਂ 9 ਅਗੱਸਤ ਦਰਮਿਆਨ ਮੀਂਹ ਨਾਲ ਸਬੰਧਤ ਘਟਨਾਵਾਂ ’ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੂਬੇ ਨੂੰ ਲਗਭਗ 842 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਸ਼ੁਕਰਵਾਰ ਨੂੰ 138 ਅਤੇ ਸਨਿਚਰਵਾਰ ਨੂੰ 150 ਸੜਕਾਂ ਸਮੇਤ 288 ਸੜਕਾਂ ਬੰਦ ਕਰ ਦਿਤੀਆਂ ਗਈਆਂ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅੰਕੜਿਆਂ ਅਨੁਸਾਰ ਮੰਡੀ ’ਚ 96, ਸ਼ਿਮਲਾ ’ਚ 76, ਕੁਲੂ ’ਚ 37, ਸਿਰਮੌਰ ’ਚ 33, ਚੰਬਾ ’ਚ 26, ਲਾਹੌਲ ਅਤੇ ਸਪੀਤੀ ’ਚ 7, ਹਮੀਰਪੁਰ ’ਚ 5 ਅਤੇ ਕਾਂਗੜਾ ਅਤੇ ਕਿੰਨੌਰ ’ਚ 4-4 ਸੜਕਾਂ ਬੰਦ ਹਨ।
ਪੂਹ ਅਤੇ ਕੌਰਿਕ ਵਿਚਾਲੇ ਹੜ੍ਹ ਅਤੇ ਨੇਗੁਲਸਰੀਨ ਨੇੜੇ ਕੌਮੀ ਰਾਜਮਾਰਗ-5 ’ਤੇ ਜ਼ਮੀਨ ਖਿਸਕਣ ਕਾਰਨ ਕਿੰਨੌਰ ਦਾ ਸੂਬੇ ਦੀ ਰਾਜਧਾਨੀ ਸ਼ਿਮਲਾ ਨਾਲ ਸੰਪਰਕ ਟੁੱਟ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਰਾਜ ’ਚ 458 ਬਿਜਲੀ ਅਤੇ 48 ਜਲ ਸਪਲਾਈ ਸਕੀਮਾਂ ਵੀ ਪ੍ਰਭਾਵਤ ਹੋਈਆਂ ਹਨ। ਖੇਤਰੀ ਮੌਸਮ ਵਿਭਾਗ ਨੇ ਐਤਵਾਰ ਨੂੰ ‘ਓਰੇਂਜ ਅਲਰਟ‘ ਜਾਰੀ ਕਰਦਿਆਂ ਪੰਜ ਜ਼ਿਲ੍ਹਿਆਂ ਬਿਲਾਸਪੁਰ, ਚੰਬਾ, ਹਮੀਰਪੁਰ, ਕੁਲੂ, ਕਾਂਗੜਾ ਮੰਡੀ, ਸ਼ਿਮਲਾ, ਸੋਲਨ, ਸਿਰਮੌਰ ਅਤੇ ਊਨਾ ’ਚ ਕੁੱਝ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦੀ ਚੇਤਾਵਨੀ ਦਿਤੀ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਤੂਫਾਨ, ਬਿਜਲੀ ਡਿੱਗਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੰਬਾ, ਹਮੀਰਪੁਰ, ਕੁਲੂ, ਮੰਡੀ, ਸਿਰਮੌਰ ਅਤੇ ਸ਼ਿਮਲਾ ਜ਼ਿਲ੍ਹਿਆਂ ’ਚ ਕੁੱਝ ਥਾਵਾਂ ’ਤੇ ਹੜ੍ਹ ਦੀ ਚੇਤਾਵਨੀ ਵੀ ਦਿਤੀ ਹੈ। ਤੇਜ਼ ਹਵਾਵਾਂ ਬਨਸਪਤੀ, ਫਸਲਾਂ, ਸੰਵੇਦਨਸ਼ੀਲ ਢਾਂਚਿਆਂ ਅਤੇ ਕੱਚੇ ਘਰਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਅਤੇ ਨੀਵੇਂ ਇਲਾਕਿਆਂ ’ਚ ਪਾਣੀ ਭਰ ਸਕਦੀਆਂ ਹਨ।
ਦਿੱਲੀ ਦੇ ਰੋਹਿਨੀ ’ਚ ਪਾਰਕ ’ਚ ਡੁੱਬਣ ਨਾਲ 7 ਸਾਲ ਦੇ ਬੱਚੇ ਦੀ ਮੌਤ, ਮੌਸਮ ਵਿਭਾਗ ਨੇ ਬੇਲੋੜਾ ਸਫ਼ਰ ਕਰਨ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ
ਨਵੀਂ ਦਿੱਲੀ: ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ’ਚ ਐਤਵਾਰ ਦੁਪਹਿਰ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਇਲਾਕਿਆਂ ’ਚ ਪਾਣੀ ਭਰ ਗਿਆ ਅਤੇ ਟਰੈਫਿਕ ਜਾਮ ਹੋ ਗਿਆ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਸ਼ਾਮ ਨੂੰ ਦਿੱਲੀ-ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ.) ’ਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਉਧਰ ਰੋਹਿਨੀ ਦੇ ਸੈਕਟਰ 20 ’ਚ ਇਕ ਪਾਰਕ ’ਚ ਪਾਣੀ ’ਚ ਡੁੱਬਣ ਨਾਲ 7 ਸਾਲਾ ਬੱਚੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਸਨਿਚਰਵਾਰ ਸ਼ਾਮ ਨੂੰ ਵਾਪਰੀ ਜਦੋਂ ਬੱਚਾ ਪਾਰਕ ’ਚ ਖੇਡ ਰਿਹਾ ਸੀ। ਪੁਲਿਸ ਨੇ ਦਸਿਆ ਕਿ ਅਮਨ ਵਿਹਾਰ ਥਾਣੇ ’ਚ ਸ਼ਾਮ ਕਰੀਬ 6:30 ਵਜੇ ਪੀ.ਸੀ.ਆਰ. ਨੂੰ ਫੋਨ ਆਇਆ ਕਿ ਰੋਹਿਨੀ ਸੈਕਟਰ 20 ਦੇ ਇਕ ਪਾਰਕ ’ਚ ਇਕ ਬੱਚਾ ਡੁੱਬ ਰਿਹਾ ਹੈ।
ਅਧਿਕਾਰੀ ਨੇ ਦਸਿਆ ਕਿ ਪੁਲਿਸ ਦੀ ਇਕ ਟੀਮ ਮੌਕੇ ’ਤੇ ਪਹੁੰਚੀ ਅਤੇ ਉਸ ਨੂੰ ਸੂਚਿਤ ਕੀਤਾ ਗਿਆ ਕਿ ਬੱਚੇ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਅਧਿਕਾਰੀ ਨੇ ਦਸਿਆ ਕਿ ਪੁਲਿਸ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ’ਚ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਵੱਧ ਤੋਂ ਵੱਧ ਤਾਪਮਾਨ 32.0 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਸਵੇਰੇ 8:30 ਵਜੇ ਨਮੀ ਦਾ ਪੱਧਰ 92 ਫੀ ਸਦੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦਿੱਲੀ ਲਈ ‘ਓਰੇਂਜ’ ਅਲਰਟ ਜਾਰੀ ਕੀਤਾ ਹੈ, ਜਿਸ ’ਚ ‘ਬੇਹੱਦ ਖਰਾਬ ਮੌਸਮ’ ਅਤੇ ਆਵਾਜਾਈ ’ਚ ਸੰਭਾਵਤ ਵਿਘਨ ਲਈ ‘ਤਿਆਰੀ’ ਦਾ ਸੰਕੇਤ ਦਿਤਾ ਗਿਆ ਹੈ।
ਮੱਧ, ਦਖਣੀ, ਦੱਖਣ-ਪਛਮੀ ਅਤੇ ਪੂਰਬੀ ਦਿੱਲੀ ’ਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਨੇ ਅਪਣੀ ਤਾਜ਼ਾ ਚੇਤਾਵਨੀ ’ਚ ਸ਼ਾਮ ਨੂੰ ਦਿੱਲੀ-ਐਨ.ਸੀ.ਆਰ. ਖੇਤਰਾਂ ’ਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਭਾਰੀ ਮੀਂਹ ਦੇ ਮੱਦੇਨਜ਼ਰ, ਮੌਸਮ ਵਿਭਾਗ ਨੇ ਦਿੱਲੀ ਵਾਸੀਆਂ ਲਈ ਇਕ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ, ਜਿਸ ’ਚ ਉਨ੍ਹਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਬੇਲੋੜਾ ਸਫ਼ਰ ਕਰਨ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ।
ਦਿੱਲੀ ਟਰੈਫਿਕ ਪੁਲਿਸ ਨੇ ਕਈ ਇਲਾਕਿਆਂ ’ਚ ਪਾਣੀ ਭਰ ਜਾਣ ਕਾਰਨ ਆਵਾਜਾਈ ’ਚ ਵਿਘਨ ਪੈਣ ਦੀ ਸੂਚਨਾ ਦਿਤੀ। ਆਵਾਜਾਈ ਪੁਲਿਸ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਢਾਂਸਾ ਸਟੈਂਡ ਅਤੇ ਬਹਾਦਰਗੜ੍ਹ ਸਟੈਂਡ ਨੇੜੇ ਨਜਫਗੜ੍ਹ-ਫਿਰਨੀ ਰੋਡ ’ਤੇ ਆਵਾਜਾਈ ਪ੍ਰਭਾਵਤ ਹੋਈ ਹੈ। ਕਿਰਪਾ ਕਰ ਕੇ ਇਨ੍ਹਾਂ ਹਿੱਸਿਆਂ ਤੋਂ ਪਰਹੇਜ਼ ਕਰੋ।’’
ਮੀਂਹ ਕਾਰਨ ਡੁੱਬੀ ਸੜਕ ਦੀ ਤਸਵੀਰ ਸਾਂਝੀ ਕਰਦਿਆਂ ਪੁਲਿਸ ਨੇ ਕਿਹਾ ਕਿ ਨਜਫਗੜ੍ਹ-ਫਿਰਨੀ ਰੋਡ ’ਤੇ ਪਾਣੀ ਭਰ ਜਾਣ ਅਤੇ ਛਾਵਲਾ ਸਟੈਂਡ ਨੇੜੇ ਤਿੰਨ ਕਲੱਸਟਰ ਬੱਸਾਂ ਦੇ ਖਰਾਬ ਹੋਣ ਕਾਰਨ ਆਵਾਜਾਈ ਪ੍ਰਭਾਵਤ ਹੋਈ। ਦਿੱਲੀ ਨਗਰ ਨਿਗਮ (ਐਮ.ਸੀ.ਡੀ.) ਵਲੋਂ ਜਾਰੀ ਅੰਕੜਿਆਂ ਅਨੁਸਾਰ ਵੱਖ-ਵੱਖ ਥਾਵਾਂ ’ਤੇ ਪਾਣੀ ਭਰਨ ਦੀਆਂ ਸੱਤ ਸ਼ਿਕਾਇਤਾਂ ਅਤੇ ਦਰੱਖਤ ਡਿੱਗਣ ਦੀਆਂ ਚਾਰ ਸ਼ਿਕਾਇਤਾਂ ਮਿਲੀਆਂ ਹਨ।