
ਪਿੰਡ ਵਾਲਿਆਂ ਨੇ ਏ.ਐੱਸ.ਆਈ. ਨੂੰ ਕਈ ਘੰਟੇ ਬੰਧਕ ਬਣਾ ਕੇ ਰਖਿਆ, ਲਾਠੀ ਤੇ ਪੱਗ ਛੱਡ ਕੇ ਭੱਜੇ ਦੋ ਸਿਪਾਹੀ
ਕਠੂਆ/ਜੰਮੂ: ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਇਕ ਪ੍ਰਵਾਰ ਨੇ ਦੋਸ਼ ਲਾਇਆ ਹੈ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਘਰ ’ਚ ਜ਼ਬਰਦਸਤੀ ਵੜ ਕੇ ਉਨ੍ਹਾਂ ਦੇ ਜੀਆਂ ਨਾਲ ਕੁਟਮਾਰ ਕੀਤੀ।
ਅਧਿਕਾਰੀਆਂ ਨੇ ਦਸਿਆ ਕਿ ਪੀੜਤ ਪ੍ਰਵਾਰ ਨੇ ਇਸ ਬਾਬਤ ਕਠੂਆ ਦੇ ਸੀਨੀਅਰ ਪੁਲਿਸ ਸੂਪਰਡੈਂਟ ਸ਼ਿਵਦੀਪ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਘਟਨਾ ਦਾ ਨੋਟਿਸ ਲਿਆ ਅਤੇ ਜਾਂਚ ਸ਼ੁਰੂ ਕਰ ਦਿਤੀ।
ਪ੍ਰਵਾਰ ਦੇ ਮੁਖੀ ਰਾਜੇਸ਼ ਕੁਮਾਰ ਮੁਤਾਬਕ ਇਕ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਦੀ ਅਗਵਾਈ ’ਚ ਪੰਜਾਬ ਪੁਲਿਸ ਦੀ ਤਿੰਨ ਮੈਂਬਰੀ ਤੜਕੇ ਲਗਭਗ ਤਿੰਨ ਵਜੇ ਤਫਰ ਸਾਂਗੀ ਪਿੰਡ ਸਥਿਤ ਉਨ੍ਹਾਂ ਦੇ ਘਰ ’ਚ ਵੜ ਗਈ ਅਤੇ ਬਗ਼ੈਰ ਕਿਸੇ ਕਾਰਨ ਤੋਂ ਘਰ ਦੀ ਤਲਾਸ਼ੀ ਲੈਣੀ ਅਤੇ ਵਿਰੋਧ ਕਰਨ ’ਤੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪ੍ਰਵਾਰ ਕੋਲ ਇਕ ਟਰੈਕਟਰ ਟਰਾਲੀ ਹੈ ਜੋ ਕਿ ਉਹ ਕਠੂਆ ਅਤੇ ਪੰਜਾਬ ਵਿਚਕਾਰ ਚਲਾਉਂਦੇ ਹਨ ਅਤੇ ਪੰਜਾਬ ਪੁਲਿਸ ਇਸੇ ਕਾਰਨ ਉਸ ਤੋਂ ਪੈਸੇ ਦੀ ਮੰਗ ਕਰ ਰਹੀ ਸੀ।
ਉਨ੍ਹਾਂ ਕਿਹਾ ਕਿ ਪ੍ਰਵਾਰ ਵਲੋਂ ਰੌਲਾ ਪਾਉਣ ਮਗਰੋਂ ਉਨ੍ਹਾਂ ਦੇ ਗੁਆਂਢੀ ਉਨ੍ਹਾਂ ਦੀ ਮਦਦ ’ਤੇ ਆ ਗਏ ਅਤੇ ਏ.ਐੱਸ.ਆਈ. ਨੂੰ ਫੜ ਲਿਆ, ਪਰ ਉਸ ਦੇ ਜੂਨੀਅਰ ਮੁਲਾਜ਼ਮ ਭੱਜਣ ’ਚ ਕਾਮਯਾਬ ਰਹੇ। ਭੱਜਣ ਸਮੇਂ ਪੁਲਿਸ ਮੁਲਾਜ਼ਮ ਅਪਣੀ ਪੱਗ, ਮੋਬਾਈਲ, ਟਾਰਚ ਅਤੇ ਲਾਠੀ ਛੱਡ ਕੇ ਚਲ ਗਏ।
ਇਸ ਤੋਂ ਬਾਅਦ ਪ੍ਰਵਾਰ ਨੇ ਐੱਸ.ਐੱਸ.ਪੀ. ਕਠੂਆ ਨਾਲ ਸੰਪਰਕ ਕੀਤਾ ਅਤੇ ਘਟਨਾ ਬਾਰੇ ਦਸਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰੀ ਪੁਲਿਸ ਚੌਕੀ ਦੇ ਦੋ ਪੁਲਿਸ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪੰਜਾਬ ਪੁਲਿਸ ਮੁਲਾਜ਼ਮਾਂ ਵਲੋਂ ਕਥਿਤ ਤੌਰ ’ਤੇ ਛੱਡੀ ਪੱਗ ਸਮੇਤ ਕੁਝ ਸਮਾਨ ਅਪਣੇ ਕਬਜ਼ੇ ’ਚ ਕਰ ਲਿਆ।
ਸਵੇਰੇ 6 ਵਜੇ ਪਠਾਨਕੋਟ ਤੋਂ ਬਸ ਭਰ ਕੇ ਕਮਾਂਡੋ ਪੁਲਿਸ ਵੀ ਉਥੇ ਪਹੁੰਚ ਗਈ। ਇਸ ਤੋਂ ਬਾਅਦ ਸ਼ਹਿਰੀ ਪੁਲਿਸ ਨੇ ਬੰਧਕ ਬਣਾਏ ਏ.ਐੱਸ.ਆਈ. ਨੂੰ ਛੁਡਾ ਲਿਆ। ਰਾਜੇਸ਼ ਕੁਮਾਰ ਨੇ ਸਥਾਨਕ ਪੁਲਿਸ ਤਂ ਭਵਿੱਖ ’ਚ ਪੰਜਾਬ ਪੁਲਿਸ ਵਲੋਂ ਕਿਸੇ ਹਮਲੇ ਤੋਂ ਅਪਣੇ ਪ੍ਰਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਸਥਾਨਕ ਪੁਲਿਸ ਨੇ ਲੋਕਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿਤੀ ਹੈ।